ਗੁਰਦਾਸਪੁਰ, 24 ਅਪ੍ਰੈਲ (Damanpreet singh ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਰਵਿਦਾਸ ਚੌਂਕ ਨੇੜੇ ਪੁੱਡਾ ਇਨਕਲੇਵ (ਓਲਡ ਪਿਗਰੀ ਫਾਰਮ) ਗੁਰਦਾਸਪੁਰ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਕਲੋਨੀ ਦੇ ਜੋ ਵੀ ਵਿਕਾਸ ਕਾਰਜ ਬਕਾਇਆ ਹਨ ਉਨ੍ਹਾਂ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪੁੱਡਾ ਕਲੋਨੀ ਦੇ ਵਸਨੀਕਾਂ ਦੇ ਇੱਕ ਵਫ਼ਦ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਸਰਕਾਰ ਦੀ ਪਹਿਲੀ ਤਰਜੀਹ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੁੱਡਾ ਇਨਕਲੇਵ ਵਿੱਚ ਸੜਕਾਂ, ਸੀਵਰੇਜ, ਲਾਈਟਾਂ ਆਦਿ ਦੇ ਜੋ ਵੀ ਮਸਲੇ ਹਨ ਉਹ ਪਹਿਲ ਦੇ ਅਧਾਰ ’ਤੇ ਹੱਲ ਕੀਤੇ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਪੁੱਡਾ ਇਨਕਲੇਵ ਵਿੱਚ ਓਪਨ ਜਿੰਮ ਅਤੇ ਕਮਿਊਨਿਟੀ ਹਾਲ ਦੀ ਸਹੂਲਤ ਮਹੁੱਈਆ ਕਰਵਾਉਣ ਲਈ ਵੀ ਪੁੱਡਾ ਅਧਿਕਾਰੀਆਂ ਨਾਲ ਗੱਲ ਕੀਤੀ। ਸ੍ਰੀ ਬਹਿਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਪੁੱਡਾ ਇਨਕਲੇਵ ਗੁਰਦਾਸਪੁਰ ਦੀਆਂ ਜਾਇਜ ਮੰਗਾਂ ਦੇ ਹੱਲ ਲਈ ਕਾਰਵਾਈ ਕਰਨ ਤਾਂ ਜੋ ਸਰਕਾਰ ਵੱਲੋਂ ਲੋਕਾਂ ਨੂੰ ਬੇਹਤਰ ਸਹੂਲਤਾਂ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਜਾ ਸਕੇ।