29 ਅਪ੍ਰੈਲ ( Damanpreet singh ) – ਵਿਧਾਨਸਭਾ ਹਲਕਾ ਦੀਨਾਨਗਰ ਦੇ ਪਿੰਡਾਂ ਅਤੇ ਸ਼ਹਿਰ ਅੰਦਰ ਕਾਂਗਰਸ ਸਰਕਾਰ ਵੇਲੇ ਦੇ ਅਧੂਰੇ ਪਏ ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਨੂੰ ਤੇਜੀ ਨਾਲ ਨੇਪਰੇ ਚਾੜ੍ਹ ਕੇ ਹਲਕੇ ਦੀ ਜਲਦੀ ਹੀ ਕਾਇਆਕਲਪ ਕੀਤੀ ਜਾਵੇਗੀ ਤਾਂ ਜੋ ਮਗਰਲੇ ਕਈ ਸਾਲਾਂ ਤੋਂ ਨਰਕ ਭੋਗ ਰਹੇ ਦੀਨਾਨਗਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਇਹਨਾਂ ਗੱਲਾਂ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਮਗਰੋਂ ਕੀਤਾ।ਉਹਨਾਂ ਕਿਹਾ ਕਿ ਬੀਤੇ ਦਿਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦੌਰਾਨ ਵਿਧਾਨਸਭਾ ਹਲਕਾ ਦੀਨਾਨਗਰ ਅੰਦਰ ਕਾਂਗਰਸ ਸਰਕਾਰ ਵੇਲੇ ਦੇ ਅਧੂਰੇ ਪਏ ਵਿਕਾਸ ਕਾਰਜਾਂ, ਜਿਨ੍ਹਾਂ ਕਰਕੇ ਹਲਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦਾ ਮੁੱਦਾ ਧਿਆਨ ਵਿੱਚ ਲਿਆਂਦਾ ਸੀ ਜਿਸ ਮਗਰੋਂ ਮਾਨਯੇਗ ਮੁੱਖ ਮੰਤਰੀ ਨੇ ਹਲਕੇ ਦੇ ਅਧੂਰੇ ਪਏ ਕੰਮਾਂ ਨੂੰ ਤਰਜੀਹੀ ਅਧਾਰ ਤੇ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਦੀਨਾਨਗਰ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਸਮਸੇਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਉਚੇਚੇ ਤੌਰ ਤੇ ਸ਼ਹਿਰ ਅੰਦਰ ਚੱਲ ਰਹੇ ਰੇਲਵੇ ਓਵਰਬ੍ਰਿਜ ਦੇ ਕੰਮ, ਸੀਵਰੇਜ ਦੇ ਕੰਮ ਅਤੇ ਸ਼ਹਿਰ ਅੰਦਰ ਗਲੀਆਂ ਦੀ ਮਾੜੀ ਹਾਲਤ ਦਾ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਪਿੰਡਾਂ ਅੰਦਰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੀ ਗੱਲ ਆਖੀ ਗਈ ਹੈ। ਉਹਨਾਂ ਪਿਛਲੀ ਕਾਂਗਰਸ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਇਹ ਹਲਕੇ ਦੇ ਕਾਂਗਰਸੀ ਨੁਮਾਇੰਦਿਆਂ ਅਤੇ ਪਿਛਲੀ ਕਾਂਗਰਸ ਸਰਕਾਰ ਦੀ ਨਲਾਇਕੀ ਹੀ ਸੀ ਕਿ ਮਹਿਜ ਕੁਝ ਹੀ ਮਹੀਨਿਆਂ ਵਿੱਚ ਪੂਰੇ ਹੋਣ ਵਾਲੇ ਕੰਮ ਵੀ ਸਾਲਾਂ ਬੱਧੀ ਲਟਕਾ ਕੇ ਹਲਕੇ ਦੇ ਲੋਕਾਂ ਨੂੰ ਰੱਜ ਕੇ ਖੱਜਲ ਖੁਆਰ ਕੀਤਾ ਗਿਆ ਹੈ। ਥਾਂ ਥਾਂ ਤੇ ਸੜਕਾਂ ਪੁੱਟੀਆਂ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਇਹ ਸਭ ਕੁਝ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਲਦੀ ਹੀ ਹਲਕੇ ਦੇ ਲਟਕੇ ਹੋਏ ਕੰਮ ਨੇਪਰੇ ਚਾੜ੍ਹੇ ਜਾਣਗੇ।ਤਸਵੀਰ– ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕੇ ਦੇ ਕੰਮਾਂ ਸਬੰਧੀ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਸਮਸ਼ੇਰ ਸਿੰਘ।
