ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ
ਲੋਕ ਅਧਿਕਾਰ ਲਹਿਰ ਪੰਜਾਬ ਦੇ ਮੁੱਖ ਆਗੂ
ਡਾ. ਗੁਰਇਕਬਾਲ ਸਿੰਘ ਕਾਹਲੋਂ ਖੇਤੀ ਵਿਗਿਆਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਵਿਸ਼ੇਸ਼ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਗੁਰਮੀਤ ਸਿੰਘ ਪਾਹੜਾ, ਬੂਟਾ ਰਾਮ ਆਜ਼ਾਦ ਸੁਖਵਿੰਦਰ ਸਿੰਘ ਮੱਲ੍ਹੀ, ਗੁਰਮੁਖ ਸਿੰਘ ਤੱਤਲਾ, ਸੁਖਵਿੰਦਰ ਸਿੰਘ ਰਾਣਾ, ਆਰ ਐਸ ਘੁੰਮਣ, ਅਜ਼ੀਤ ਸਿੰਘ ਪਾਹੜਾ ਤੇ ਗੁਰਦਿਆਲ ਚੰਦ ਹਾਜ਼ਰ ਹੋਏ ਮੀਟਿੰਗ ਵਿੱਚ
21 ਮਈ 2023 ਨੂੰ ਮਿਲਕ ਪਲਾਂਟ ਚੌਕ ਗੁਰਦਾਸਪੁਰ ਵਿੱਚ ਹੋਏ ਦਰਦਨਾਕ ਹਾਦਸੇ ਸੰਬੰਧੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਸਿੰਘ ਪਾਹੜਾ ਨੇ ਵਿਸਥਾਰ ਵਿਚ ਦੱਸਿਆ ਕਿ
ਕਿ ਮਿਲਕ ਪਲਾਂਟ ਚੌਂਕ ਗੁਰਦਾਸਪੁਰ ਵਿੱਚ ਟ੍ਰੈਫਿਕ ਕੰਟਰੋਲ ਦੀ ਸਹਾਇਤਾ ਲਈ ਕੋਈ ਸੀਸੀਟੀਵੀ ਕੈਮਰਾ ਜਾਂ ਟਰੈਫਿਕ ਕੰਟਰੋਲ ਲਾਈਟਾਂ ਨਹੀਂ ਲੱਗੀਆਂ ਹੋਈਆਂ, ਇਹ ਚੌਂਕ ਗੁਰਦਾਸਪੁਰ – ਪਠਾਨਕੋਟ ਦਾ ਮੇਨ ਚੌਂਕ ਹੈ ਇਸ ਚੌਕ ਰਾਹੀਂ ਮਿਲਟਰੀ ਛਾਉਣੀ ਤੇ ਬੀ. ਐਸ. ਐਫ. ਛਾਉਣੀ, ਖੇਤੀਬਾੜੀ ਦਫ਼ਤਰ, ਯੂਨੀਵਰਸਿਟੀ, ਗੁਰੂ ਰਵਿਦਾਸ ਚੌਂਕ, ਲਿਟਲ ਫਲਾਵਰ ਸਕੂਲ, ਜ਼ਿਲ੍ਹਾ ਪ੍ਰਸ਼ਾਸਨ ਪ੍ਰਬੰਧਕੀ, ਜ਼ਿਲ੍ਹਾ ਨਿਆਂਇਕ ਕੰਪਲੈਕਸ, ਦਾਣਾ ਮੰਡੀ, ਸਬਜ਼ੀ ਮੰਡੀ, ਦਫ਼ਤਰ ਮਾਰਕਿਟ ਕਮੇਟੀ ਕਮੇਟੀ, ਆਈ ਟੀ ਆਈ, ਬੇਅੰਤ ਕਾਲਜ, ਹੋਟਲ ਮੈਨੇਜਮੈਂਟ ਕਾਲਜ ਤੇ ਅੰਮ੍ਰਿਤਸਰ – ਪਠਾਨਕੋਟ ਮੇਨ ਬਾਈਪਾਸ ਨੂੰ ਜਾਣ ਵਾਲੀ ਸਾਰੀ ਆਵਾਜਾਈ ਇਸ ਚੌਂਕ ਰਾਹੀਂ ਲੰਘਦੀ ਹੈ। ਇਸ ਚੌਂਕ ਦੇ ਦੋਨਾਂ ਪਾਸੇ ਨੁਕੜਾਂ ਵਿੱਚ ਫ਼ਲ ਵਿਕਰੇਤਾਵਾਂ ਨੇ ਪੱਕੇ ਅੱਡੇ ਜਮਾਏ ਹੋਏ ਹਨ। ਗੁਰਦਾਸਪੁਰ ਸ਼ਹਿਰ ਤੇ ਪਠਾਨਕੋਟ ਵਲੋਂ ਆਉਂਦੀਆਂ ਗੱਡੀਆਂ ਰਾਹਗੀਰਾਂ ਨੂੰ ਨਹੀਂ ਦਿਸਦੀਆਂ। ਜਿਸ ਕਰਕੇ ਇਥੇ ਨਿੱਤ ਹਾਦਸੇ ਵਾਪਰਦੇ ਹਨ। ਅਨੇਕਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਅਨੇਕਾਂ ਹੀ ਹਾਦਸਾ ਗ੍ਰਸਤ ਹੋ ਕੇ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰ ਰਹੇ ਹਨ।
ਇਸ ਸਬੰਧੀ ਲੋਕ ਅਧਿਕਾਰ ਲਹਿਰ ਪੰਜਾਬ ਤੇ ਇਲਾਕਾ ਨਿਵਾਸੀਆਂ ਵਲੋਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਬੰਧਤ ਮਹਿਕਮਿਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਕਿਸੇ ਨੇ ਵੀ ਇਹਨਾਂ ਨਜਾਇਜ਼ ਕਬਜ਼ਾ ਧਾਰਕਾਂ / ਫਲ ਵਿਕਰੇਤਾਵਾਂ ਨੂੰ ਪਿਛਾਂਹ ਹਟਾਉਣ, ਚੌਕ ਨੂੰ ਖੁੱਲ੍ਹਾ ਕਰਨ, ਚੌਂਕ ਵਿੱਚ ਲੱਗੇ ਮਸ਼ਹੂਰੀਆਂ ਦੇ ਬੋਰਡ ਉਤਾਰਨ ਦੀ ਕਿਸੇ ਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ।
ਇਸ ਸਬੰਧੀ ਇਹ ਮਾਮਲਾ ਲੋਕ ਅਧਿਕਾਰ ਲਹਿਰ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿੱਚ ਮਿਤੀ 2 ਸਤੰਬਰ 2022 ਈ ਫ਼ਾਇਲ ਰੈਫਰੈਂਸ ਨੰਬਰ 377402, ਮਿੱਤੀ 29 ਅਕਤੂਬਰ ਫ਼ਾਇਲ ਨੰਬਰ 391847 ਰਾਹੀਂ ਲਿਆ ਚੁੱਕੀ ਹੈ। ਮਿਤੀ 2 ਮਾਰਚ 2023 ਨੂੰ ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਨੂੰ ਮਹਿਕਮੇ ਦੀ ਜੀ ਮੇਲ ਰਾਹੀਂ ਪਿੰਡ ਮਾਨ ਕੌਰ ਸਿੰਘ ਵਾਲੇ ਚੌਂਕ ਨੂੰ ਖੁੱਲ੍ਹੇ ਕਰਨ ਦੀ ਸ਼ਕਾਇਤ ਕੀਤੀ ਹੋਈ ਹੈ। ਪਰ ਕਾਰਵਾਈ ਕੋਈ ਨਹੀਂ ਹੋਈ ਤੇ ਨਾ ਹੀ ਕਿਸੇ ਅਧਿਕਾਰੀ ਨੇ ਸ਼ਕਾਇਤ ਕਰਤਾ ਨੂੰ ਕੀ ਕਾਰਵਾਈ ਹੋ ਰਹੀ ? ਬਾਰੇ ਦੱਸਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ।
ਹੁਣ 21 ਮਈ 2023 ਨੂੰ ਦੁਪਹਿਰ ਦੋ ਢਾਈ ਵਜੇ ਦੇ ਦਰਮਿਆਨ ਸਕੂਟਰੀ ਸਵਾਰ, ਦਿਹਾੜੀਦਾਰ ਪਰਿਵਾਰ ਦੇ ਤਿੰਨ ਜੀਅ ਇਕ ਦੁਰਘਟਨਾ ਦੇ ਸ਼ਿਕਾਰ ਹੋ ਗਏ ਹਨ ਜੋ ਗੁਰਦਾਸਪੁਰ ਤੋਂ ਜਾਂਦੇ ਇਕ ਵਾਹਣ ਨਾਲ ਟਕਰਾਅ ਕੇ ਡਿੱਗ ਪਏ ਤੇ ਪਠਾਨਕੋਟ ਵਲੋਂ ਆਉਂਦੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਉਹ ਦਰੜੇ ਗਏ ਹਨ। ਜਿਨ੍ਹਾਂ ਵਿਚੋਂ ਇਕ 22 ਸਾਲ ਦੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ। ਇੱਕ15 ਸਾਲ ਦੀ ਲੜਕੀ ਤੇ 10 ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਚੌਂਕ ਨੂੰ ਖੁੱਲ੍ਹਿਆਂ ਕਰਨ, ਨਜਾਇਜ਼ ਕਬਜ਼ੇ ਹਟਾਉਣ ਤੇ ਚੌਂਕ ਵਿੱਚ ਸੀਸੀਟੀਵੀ ਕੈਮਰੇ/ਟਰੈਫਿਕ ਲਾਈਟਾਂ ਲਗਾਉਣ ਸੰਬੰਧੀ ਲਹਿਰ ਦੇ ਆਗੂਆਂ ਵਲੋਂ ਨਿੱਜੀ ਤੌਰ ਤੇ ਪਹਿਲਾਂ ਕਈ ਵਾਰ ਮਿਲਿਆ ਗਿਆ ਹੈ, ਉਨ੍ਹਾਂ ਵਲੋਂ ਕਿਹਾ ਗਿਆ ਕਿ ਜਦ ਤੱਕ ਕੋਈ ਮੰਤਰੀ, ਵਿਧਾਇਕ ਜਾਂ ਹਲਕਾ ਇੰਚਾਰਜ ਸਿਫਾਰਸ਼ ਨਹੀਂ ਕਰਦਾ ਉਦੋਂ ਤੱਕ ਇਸ ਬਾਰੇ ਸੋਚਿਆ ਨਹੀਂ ਜਾ ਸਕਦਾ, ਡੀ ਸੀ ਗੁਰਦਾਸਪੁਰ ਦੇ ਹੁਕਮਾਂ ਨੂੰ ਟਿੱਚ ਸਮਝਿਆ ਗਿਆ। ਤੇ ਆਮ ਨਾਗਰਿਕਾਂ ਦੀ ਆਵਾਜ਼ ਨੂੰ ਬਿਲਕੁਲ ਅਣਗੋਲਿਆ ਕੀਤਾ ਗਿਆ ਹੈ। ਇਥੋਂ ਮੰਤਰੀ ਵਿਧਾਇਕ ਹਲਕਾ ਇੰਚਾਰਜਾਂ ਨੇ ਰੋਜ਼ ਨਹੀਂ ਲੰਘਣਾ ਕਿ ਉਹ ਮੰਗ ਕਰਨ। ਹਾਲਾਂਕਿ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ 13 ਦਸੰਬਰ 2022 ਨੂੰ ਇਕ ਪਬਲਿਕ ਸਮਾਗਮ ਵਿੱਚ ਸਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਇਸ ਚੌਂਕ ਦੇ ਸੁਧਾਰ ਲਈ ਸਿਫਾਰਸ਼ ਕੀਤੀ ਗਈ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਲੋਕ ਨਿਰਮਾਣ ਦੇ ਸੰਬੰਧਤ ਅਧਿਕਾਰੀਆਂ ਜਿਨ੍ਹਾਂ ਨੇ ਤੁਹਾਡੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਹੈ ਤੇ ਜਿਨ੍ਹਾਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਨਹੀਂ ਕੀਤਾ, ਉਨ੍ਹਾਂ ਉਪਰ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਦੋਵੇਂ ਟਰੱਕਾਂ ਦੇ ਚਾਲਕ ਜੋ ਭਿਅੰਕਰ ਹਾਦਸਾ ਕਰਨ ਉਪਰੰਤ ਆਪਣੇ ਟਰੱਕਾਂ ਸਮੇਤ ਦੌੜ ਗਏ ਹਨ ਦੀ ਪਛਾਣ ਕਰਕੇ ਉਹਨਾਂ ਤੇ ਬਣਦਾ ਪਰਚਾ ਦਰਜ ਕੀਤਾ ਜਾਵੇ।