

ਡਿਪਟੀ ਕਮਿਸ਼ਨਰ ਨੇ ਸਫ਼ਾਈ ਕਰਮੀਆਂ ਦੀ ਮਿਹਨਤ ਤੇ ਜਜਬੇ ਲਈ ਸ਼ਾਬਾਸ਼ੀ ਦਿੱਤੀ
ਗੁਰਦਾਸਪੁਰ, 8 ਜੁਲਾਈ (Damanpreet ) – ਅੱਜ ਦਿਨ ਭਰ ਹੁੰਦੀ ਰਹੀ ਭਾਰੀ ਬਾਰਸ਼ ਦੌਰਾਨ ਵੀ ਨਗਰ ਕੌਂਸਲ ਗੁਰਦਾਸਪੁਰ ਦੇ ਕਰਮਚਾਰੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਰਹੇ। ਨਗਰ ਕੌਂਸਲ ਗੁਰਦਾਸਪੁਰ ਦੇ ਸਫ਼ਾਈ ਕਰਮੀ ਵਰ੍ਹਦੇ ਮੀਂਹ ਦੌਰਾਨ ਸ਼ਹਿਰ ਦੇ ਨੀਵੇ ਇਲਾਕਿਆਂ ਵਿਚੋਂ ਬਰਸਾਤੀ ਪਾਣੀ ਦੀ ਨਿਕਾਸ ਕਰਨ ਵਿੱਚ ਲੱਗੇ ਰਹੇ। ਸਫ਼ਾਈ ਕਰਮੀਆਂ ਵਲੋਂ ਸ਼ਹਿਰ ਦੇ ਨੀਂਵੇ ਇਲਾਕਿਆਂ ਵਿੱਚ ਸਵਿਰੇਜ ਦੇ ਢੱਕਣ ਖੋਲ੍ਹਣ ਤੋਂ ਇਲਾਵਾ ਨਾਲਿਆਂ ਦੀਆਂ ਪੁੱਲੀਆਂ ਨੂੰ ਸਾਫ਼ ਕੀਤਾ ਗਿਆ ਅਤੇ ਜਿਥੇ ਕਿਤੇ ਵੀ ਪਾਣੀ ਦੀ ਨਿਕਾਸੀ ਵਿੱਚ ਅੜਚਣ ਆ ਰਹੀ ਸੀ ਉਸ ਨੂੰ ਠੀਕ ਕੀਤਾ ਗਿਆ। ਸਫ਼ਾਈ ਕਰਮੀਆਂ ਦੀ ਇਸ ਮਿਹਨਤ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਸੰਭਵ ਹੋ ਸਕੀ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ।
ਓਧਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਫ਼ਾਈ ਕਰਮੀਆਂ ਨੂੰ ਆਪਣੀ ਡਿਊਟੀ ਪੂਰੀ ਸਮਰਪਣ ਨਾਲ ਨਿਭਾਉਣ ਲਈ ਸ਼ਾਬਾਸ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਰ੍ਹਦੇ ਮੀਂਹ ਵਿੱਚ ਵੀ ਜਿਸ ਜਜਬੇ ਨਾਲ ਸਫ਼ਾਈ ਕਰਮੀਆਂ ਨੇ ਆਪਣੀਆਂ ਸੇਵਾਵਾਂ ਨਿਭਾ ਕੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਨੂੰ ਸੰਭਵ ਬਣਾਇਆ ਹੈ ਉਹ ਕਾਬਲੇ ਤਰੀਫ਼ ਹੈ।