

ਸਰਹੱਦ ‘ਤੇ ਜਵਾਨਾਂ ਨਾਲ ਦੀਵਾਲੀ ਮਨਾ ਵਧਾਇਆ ਮਨੋਬਲ
ਸਰਹੱਦ ਦੇ ਹਰ ਕੋਨੇ ਵਿੱਚ ਗੂੰਜਿਆ ਭਾਰਤ ਮਾਤਾ ਦੀ ਜੈ ਦਾ ਨਾਅਰਾ
13 ਨਵੰਬਰ (DamanPreet Singh ) ਦੀਵਾਲੀ ਦਾ ਤਿਉਹਾਰ ਸਾਰੇ ਦੇਸ਼ ਵਾਸੀ ਧੂਮਧਾਮ ਨਾਲ ਮਨਾਉਂਦੇ ਹਨ ਪਰ ਰੋਸ਼ਨੀ ਦੀ ਚਕਾਚੌਂਦ ਵਿੱਚ ਅਸੀਂ ਅਕਸਰ ਉਨ੍ਹਾਂ ਚਿਹਰਿਆਂ ਨੂੰ ਭੁੱਲ ਜਾਂਦੇ ਹਾਂ, ਜਿਨ੍ਹਾਂ ਬਹਾਦੁਰ ਸੈਨਿਕਾਂ ਦੀ ਬਦੌਲਤ ਅਸੀਂ ਆਪਣੇ ਘਰਾਂ ਵਿੱਚ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾ ਸਕਦੇ ਹਾਂ। ਸਰਹੱਦ ‘ਤੇ ਤਾਇਨਾਤ ਜਵਾਨਾਂ ਦਾ ਮਨੋਬਲ ਵਧਾਉਣ ਲਈ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੀਵਾਲੀ ਦੇ ਇਸ ਤਿਉਹਾਰ ‘ਤੇ ਬਮਿਆਲ ਸੈਕਟਰ ‘ਚ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ‘ਤੇ ਸਥਿਤ ਬੀ.ਐੱਸ.ਐੱਫ. ਦੀ ਪਹਾੜੀ ਪੁਰ ਪੋਸਟ ਤੇ ਪਹੁੰਚ ਜਦ ਜਵਾਨਾਂ ਨੂੰ ਮਿਠਆਈ, ਤਿਰੰਗੇ ਝੰਡੇ, ਮੋਮਬੱਤੀਆਂ, ਫੁਲਝੜੀਆਂ ਅਤੇ ਪਟਾਕੇ ਭੇਂਟ ਕੀਤੇ ਤਾਂ ਸਰਹੱਦ ਦਾ ਹਰ ਕੋਨਾ ਭਾਰਤ ਮਾਤਾ ਦੀ ਜੈ, ਬਹਾਦਰ ਸ਼ਹੀਦ ਅਮਰ ਰਹਿਣ, ਸੀਮਾ ਸੁਰੱਖਿਆ ਬਲ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਕੰਪਨੀ ਕਮਾਂਡਰ ਅਸਿਸਟੈਂਟ ਕਮਾਂਡੈਂਟ ਅਖਿਲੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਅਜਿਹੀ ਪਹਿਲੀ ਸੰਸਥਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਸਰਹੱਦਾਂ ‘ਤੇ ਜਾ ਕੇ ਦੀਵਾਲੀ, ਹੋਲੀ ਅਤੇ ਰਕਸ਼ਾ ਬੰਧਨ ਵਰਗੇ ਤਿਉਹਾਰ ਮਨਾਉਂਦਿਆਂ ਹੋਇਆਂ ਇਹਨਾਂ ਵੀਰ ਜਵਾਨਾਂ ਦਾ ਮਨੋਬਲ ਵਾਧਾ ਰਹੇ ਹਾਂ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਂਦੇ ਹਾਂ ਕਿ ਅਸੀਂ ਵੀ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਾਸੀ ਇਨ੍ਹਾਂ ਬਹਾਦਰ ਸੈਨਿਕਾਂ ਦੀ ਬਦੌਲਤ ਹੀ ਆਪਣੇ ਸਾਰੇ ਤਿਉਹਾਰ ਖ਼ੁਸ਼ੀ ਅਤੇ ਸੁਰੱਖਿਅਤ ਢੰਗ ਨਾਲ ਮਨਾ ਸਕਦੇ ਹਨ। ਕੁੰਵਰ ਵਿੱਕੀ ਨੇ ਕਿਹਾ ਕਿ ਇਸ ਪਵਿੱਤਰ ਤਿਉਹਾਰ ‘ਤੇ ਹਰ ਵਿਅਕਤੀ ਆਪਣੇ ਪਰਿਵਾਰ ਨਾਲ ਇਸ ਪਵਿੱਤਰ ਤਿਉਹਾਰ ਨੂੰ ਮਨਾਉਣਾ ਚਾਹੁੰਦਾ ਹੈ ਪਰ ਘਰ ਤੋਂ ਹਜ਼ਾਰਾਂ ਮੀਲ ਦੂਰ ਇਹ ਸੈਨਿਕ ਦੁਸ਼ਮਣ ਦੀ ਹਰ ਹਰਕਤ ‘ਤੇ ਨਜ਼ਰ ਰੱਖਦੇ ਹੋਏ ਪੂਰੀ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਤਾਂ ਜੋ ਦੇਸ਼ ਵਾਸੀ ਸ਼ਾਂਤੀਪੂਰਵਕ ਦੀਵਾਲੀ ਮਨਾ ਸਕਣ। ਉਨ੍ਹਾਂ ਕਿਹਾ ਕਿ ਸਾਡੇ ਸਰਹੱਦਾਂ ਦੇ ਪਹਿਰੇਦਾਰ ਇਹ ਬਹਾਦੁਰ ਜਾਵਾਂ ਸੱਚਮੁੱਚ ਸਾਡੇ ਤਿਉਹਾਰਾਂ ਦੇ ਰਾਖੇ ਹਨ। ਅਜਿਹੀ ਸਥਿਤੀ ਵਿੱਚ ਸਮੁੱਚੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਤਿਉਹਾਰਾਂ ਨੂੰ ਇਨ੍ਹਾਂ ਜਵਾਨਾਂ ਨਾਲ ਮਨਾਉਣ ਅਤੇ ਉਨ੍ਹਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਕਿਉਂਕਿ ਇਨ੍ਹਾਂ ਦੀ ਬਹਾਦਰੀ ਸਦਕਾ ਹੀ ਸਾਡੀਆਂ ਸਰਹੱਦਾਂ ਸੁਰੱਖਿਅਤ ਹਨ।
ਦੇਸ਼ ਮਨਾਵੇ ਦੀਵਾਲੀ ਅਸੀਂ ਕਰਾਂਗੇ ਰਖਵਾਲੀ: ਅਸਿਸਟੈਂਟ ਕਮਾਂਡੈਂਟ
ਇਸ ਮੌਕੇ ਬੀ.ਐਸ.ਐਫ ਦੀ 121 ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਅਖਿਲੇਸ਼ ਕੁਮਾਰ ਨੇ ਪਰਿਸ਼ਦ ਅਤੇ ਸ਼ਹੀਦ ਪਰਿਵਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਾਲਾਂ ਦੀ ਸੇਵਾ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੰਸਥਾ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਰਹੱਦ ‘ਤੇ ਪਹੁੰਚ ਕੇ ਜਵਾਨਾਂ ਨਾਲ ਦੀਵਾਲੀ ਮਨਾਉਂਦਿਆਂ ਹੋਇਆਂ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਤਾਇਨਾਤ ਸਾਡੇ ਜਵਾਨਾਂ ਦਾ ਮਨੋਬਲ ਉੱਚਾ ਹੈ ਅਤੇ ਉਨ੍ਹਾਂ ਦੇ ਰਹਿੰਦਿਆਂ ਕੋਈ ਵੀ ਦੁਸ਼ਮਣ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਇਸ ਲਈ ਅਸੀਂ ਦੇਸ਼ ਵਾਸੀਆਂ ਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਪੂਰੀ ਚੌਕਸੀ ਨਾਲ ਸਰਹੱਦਾਂ ਦੀ ਰਾਖੀ ਕਰ ਰਹੇ ਹਾਂ, ਇਸ ਲਈ ਤੁਸੀਂ ਆਪਣੇ ਪਰਿਵਾਰ ਨਾਲ ਦੀਵਾਲੀ ਖੁਸ਼ੀ ਨਾਲ ਮਨਾਓ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਤਿਉਹਾਰ ‘ਤੇ ਬੇਸ਼ੱਕ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਹੁਤ ਦੂਰ ਹਾਂ, ਪਰ ਪੂਰਾ ਦੇਸ਼ ਸਾਡਾ ਪਰਿਵਾਰ ਹੈ ਅਤੇ ਦੇਸ਼ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਜ਼ਰੂਰੀ ਹੈ, ਜਿਸ ਤਰ੍ਹਾਂ ਅੱਜ ਪ੍ਰੀਸ਼ਦ ਦੇ ਮੈਂਬਰਾਂ ਨੇ ਸ਼ਹੀਦ ਪਰਿਵਾਰਾਂ ਨੂੰ ਬਾਰਡਰ ਤੇ ਲਿਆ ਇਸ ਚੌਕੀ ‘ਤੇ ਤੈਨਾਤ ਸਾਡੇ ਜਵਾਨਾਂ ਦੇ ਨਾਲ ਜਿਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਮਨਾਇਆ ਹੈ, ਇਹ ਸਾਡੇ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ ਅਤੇ ਸਾਨੂੰ ਅਹਿਸਾਸ ਹੋਇਆ ਹੈ ਕਿ ਪੂਰਾ ਦੇਸ਼ ਸਾਡੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਵਰਗੀਆਂ ਸੰਸਥਾਵਾਂ ਸਾਡੀ ਤਾਕਤ ਹਨ, ਜਿਨ੍ਹਾਂ ਦੇ ਇੱਥੇ ਆ ਕੇ ਦੇਸ਼ ਸੇਵਾ ਪ੍ਰਤੀ ਸਾਡਾ ਉਤਸ਼ਾਹ ਦੁੱਗਣਾ ਦੋ ਗੁਣਾ ਕਰ ਦਿੱਤਾ ਹੈ।
ਬੋਲੇ ਸ਼ਹੀਦ ਪਰਿਵਾਰ: ਵਰਦੀ ਚ ਬੈਠੇ ਜਵਾਨਾਂ ਅੰਦਰ ਅਪਣੇ ਨਜ਼ਰ ਆਉਂਦੇ ਹਨ
ਇਸ ਮੌਕੇ ਸ਼ਹੀਦ ਕਰਨਲ ਕੇ.ਐਲ.ਗੁਪਤਾ ਦੇ ਭਰਾ ਸੁਰਿੰਦਰ ਗੁਪਤਾ, ਸ਼ਹੀਦ ਨਾਇਕ ਮੇਹਰ ਸਿੰਘ ਵੀਰ ਚੱਕਰ ਦੇ ਪੁੱਤਰ ਠਾਕੁਰ ਪ੍ਰਵੀਨ ਕੁਮਾਰ, ਸ਼ਹੀਦ ਸਿਪਾਹੀ ਦੀਵਾਨ ਚੰਦ ਦੀ ਪਤਨੀ ਸੁਮਿਤਰੀ ਦੇਵੀ ਅਤੇ ਪੁੱਤਰ ਲਾਲ ਚੰਦ, ਕਾਰਗਿਲ ਦੇ ਸ਼ਹੀਦ ਲਾਂਸ ਨਾਇਕ ਹਰੀਸ਼ ਪਾਲ ਸ਼ਰਮਾ ਸੈਨਾ ਦੀ ਮਾਤਾ ਰਾਜ ਦੁਲਾਰੀ ਅਤੇ ਭਰਾ ਸਤੀਸ਼ ਸ਼ਰਮਾ, ਪੁਲਵਾਮਾ ਹਮਲੇ ਦੇ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸ਼ਹੀਦ ਸਿਪਾਹੀ ਅਸ਼ਵਨੀ ਕੁਮਾਰ ਸ਼ੌਰਿਆ ਚੱਕਰ ਦੇ ਭਰਾ ਬੂਈ ਲਾਲ, ਸ਼ਹੀਦ ਸਿਪਾਹੀ ਅਰੁਣਜੀਤ ਦੇ ਪਿਤਾ ਦਰਸ਼ਨ ਲਾਲ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦੇ ਜਿਗਰ ਦੇ ਟੁਕੜੇ ਦੇਸ਼ ਲਈ ਕੁਰਬਾਨੀਆਂ ਦੇਣ ਤੋਂ ਬਾਅਦ ਦੀਵਾਲੀ ਵਰਗੇ ਤਿਉਹਾਰ ਦਾ ਉਨ੍ਹਾਂ ਲਈ ਕੋਈ ਮਤਲਬ ਨਹੀਂ ਹੈ ਪਰ ਅੱਜ ਸਰਹੱਦ ‘ਤੇ ਆ ਕੇ ਕਈ ਸਾਲਾਂ ਬਾਅਦ ਉਨ੍ਹਾਂ ਨੇ ਜਵਾਨਾਂ ਨਾਲ ਦੀਵਾਲੀ ਮਨਾਈ ਹੈ ਅਤੇ ਇਨ੍ਹਾਂ ਜਵਾਨਾਂ ਦੀ ਵਰਦੀ ‘ਚ ਉਹ ਆਪਣੇ ਕੁਰਬਾਨ ਪੁੱਤਰਾਂ ਦਾ ਪ੍ਰਤੀਬਿੰਬ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਨ੍ਹਾਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਪਰਿਵਾਰ ਦਾ ਹਿੱਸਾ ਹਾਂ ਅਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਇਸ ਮੌਕੇ ਸਮਾਜ ਸੇਵਕ ਸੁਰਿੰਦਰ ਮਹਾਜਨ ਸ਼ਿੰਦਾ, ਪਿ੍ੰਸੀਪਲ ਠਾਕੁਰ ਜਗਦੇਵ ਸਿੰਘ, ਏ.ਐਸ.ਆਈ ਅਸ਼ੋਕ ਪਾਸਵਾਨ, ਐਚ.ਸੀ ਰੋਹਨ, ਐਚ.ਸੀ ਫ਼ਿਆਜ਼, ਐਚ.ਸੀ ਸਤਪਾਲ, ਲੇਡੀ ਕਾਂਸਟੇਬਲ ਡੀ.ਕੁਸ਼ਲਤਾ, ਕਾਂਸਟੇਬਲ ਮਨੀਸ਼ਾ ਕੌਸ਼ਲ, ਕਾਂਸਟੇਬਲ ਸ਼ੁਭਾਂਗੀ, ਕਾਂਸਟੇਬਲ ਦੀਪ ਲਾਲ ਅਤੇ ਦੀਪਕ ਆਦਿ ਹਾਜ਼ਰ ਸਨ |