ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਅਬਾਦ ਸਿੱਖਿਆ ਤਹਿਤ ਕੇਂਦਰੀ ਜੇਲ੍ਹ ਵਿੱਚ ਕੰਪਿਊਟਰ ਸੈਂਟਰ ਅਤੇ ਕਿੱਤਾਮੁੱਖੀ ਕੇਂਦਰ ਦਾ ਉਦਘਾਟਨ

ਗੁਰਦਾਸਪੁਰ ਪੰਜਾਬ ਮਾਝਾ

ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਅਹਿਮ ਰੋਲ ਅਦਾ ਕਰੇਗੀ ਇਹ ਕਿੱਤਾਮੁਖੀ ਸਿਖਲਾਈ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੇਂਦਰੀ ਜੇਲ੍ਹ ਵਿੱਚ ਸੀ.ਐੱਮ. ਯੋਗਸ਼ਾਲਾ ਦਾ ਉਦਘਾਟਨ ਕੀਤਾ

ਗੁਰਦਾਸਪੁਰ, 17 ਨਵੰਬਰ (DamanPreet Singh) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਮਿਸ਼ਨ ਅਬਾਦ ਸਿੱਖਿਆ ਤਹਿਤ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਲਈ ਕੰਪਿਊਟਰ ਸਿੱਖਿਆ ਅਤੇ ਕਿੱਤਾਮੁੱਖੀ ਸਿੱਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਇਹ ਬੰਦੀ ਜੇਲ੍ਹ ਤੋਂ ਰਿਹਾ ਹੋਣ ਉਪਰੰਤ ਆਪਣੀ ਜ਼ਿੰਦਗੀ ਨੂੰ ਬੇਹਤਰ ਢੰਗ ਨਾਲ ਸ਼ੁਰੂ ਕਰ ਸਕਣ। ਮਿਸ਼ਨ ਅਬਾਦ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਕੰਪਿਊਟਰ ਸੈਂਟਰ ਅਤੇ ਬੇਕਰੀ ਉਤਪਾਦਾਂ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਕਿੱਤਾਮੁੱਖੀ ਕੇਂਦਰ ਦਾ ਉੁਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ. ਨਵਇੰਦਰ ਸਿੰਘ, ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਤੇ ਹੋਰ ਵੀ ਅਧਿਕਾਰੀ ਮੌਜੂਦ ਮੌਜੂਦ ਸਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਭ ਤੋਂ ਪਹਿਲਾਂ ਕੇਂਦਰੀ ਜੇਲ੍ਹ ਵਿੱਚ ਕੰਪਿਊਟਰ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਕੈਦੀ ਅਤੇ ਹਵਾਲਾਤੀ ਕੰਪਿਊਟਰ ਸਿੱਖਿਆ ਹਾਸਲ ਕਰਕੇ ਆਪਣੇ ਭਵਿੱਖ ਨੂੰ ਬੇਹਤਰ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਕੰਪਿਊਟਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਐਪਲੀਕੇਸ਼ਨ ਦੇ ਕੋਰਸ ਕਰਵਾਏ ਜਾਣਗੇ ਜਿਸ ਨੂੰ ਕਰਨ ਉਪਰੰਤ ਜਦੋਂ ਇਹ ਕੈਦੀ ਤੇ ਹਵਾਲਾਤੀ ਜੇਲ੍ਹ ’ਚੋਂ ਰਿਹਾ ਹੋ ਕੇ ਬਾਹਰ ਜਾਣਗੇ ਤਾਂ ਉਹ ਇਸ ਸਿੱਖਿਆ ਦੀ ਬਦੌਲਤ ਰੁਜ਼ਗਾਰ ਹਾਸਲ ਕਰ ਸਕਣਗੇ।

ਇਸ ਮੌਕੇ ਉਨ੍ਹਾਂ ਨੇ ਕੇਂਦਰੀ ਜੇਲ੍ਹ ਵਿੱਚ ਬੇਕਰੀ ਉਤਪਾਦਾਂ ਦੀ ਸਿਖਲਾਈ ਦੇਣ ਵਾਲੇ ਸਕਿੱਲ ਸੈਂਟਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਗੁਰਦਾਸਪੁਰ ਦੇ ਮਾਹਿਰਾਂ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਬੇਕਰੀ ਉਤਪਾਦਾਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਵਿੱਚ ਰੁਜ਼ਗਾਰ ਦੇ ਬਹੁਤ ਮੌਕੇ ਹਨ ਅਤੇ ਜਦੋਂ ਇਹ ਸਿੱਖਿਅਤ ਬੰਦੀ ਰਿਹਾ ਹੋ ਕੇ ਬਾਹਰ ਜਾਣਗੇ ਤਾਂ ਉਨ੍ਹਾਂ ਲਈ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਇਹ ਸਿਖਲਾਈ ਅਹਿਮ ਰੋਲ ਅਦਾ ਕਰੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਿਸ਼ਨ ਅਬਾਦ ਸਿੱਖਿਆ ਦਾ ਮਕਸਦ ਇਹੀ ਹੈ ਕਿ ਜੇਲ੍ਹ ਵਿੱਚ ਬੰਦ ਕੈਦੀ ਅਤੇ ਹਵਾਲਾਤੀ ਸਿੱਖਿਆ ਅਤੇ ਕੋਈ ਨਾ ਕੋਈ ਹੁਨਰ ਹਾਸਲ ਕਰਕੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਕਾਬਲ ਹੋ ਸਕਣ। ਉਨ੍ਹਾਂ ਕਿਹਾ ਕਿ ਮਿਸ਼ਨ ਅਬਾਦ ਸਿੱਖਿਆ ਵਿੱਚ ਜੇਲ੍ਹ ਦੇ ਬੰਦੀਆਂ ਵੱਲੋਂ ਬਹੁਤ ਰੁਚੀ ਦਿਖਾਈ ਜਾ ਰਹੀ ਹੈ ਅਤੇ ਇਹ ਸਿੱਖਿਆ ਇਨ੍ਹਾਂ ਦੇ ਰੌਸ਼ਨ ਭਵਿੱਖ ਦਾ ਅਧਾਰ ਬਣੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜੇਲ੍ਹ ਦਾ ਨਿਰੀਖਣ ਵੀ ਕੀਤਾ ਗਿਆ।

ਇਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਵੱਲੋਂ ਜੇਲ੍ਹ ਵਿੱਚ ਸੀ.ਐੱਮ. ਯੋਗਸ਼ਾਲਾ ਦਾ ਉਦਘਾਟਨ ਕੀਤਾ। ਇਸ ਯੋਗਸ਼ਾਲਾ ਵਿੱਚ ਯੋਗਾ ਦੇ ਮਾਹਿਰਾਂ ਵੱਲੋਂ ਬੰਦੀਆਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯੋਗਾ ਕਲਾਸਾਂ ਜਿਥੇ ਬੰਦੀਆਂ ਨੂੰ ਤੰਦਰੁਸਤ ਤੇ ਨਿਰੋਗ ਜੀਵਨ ਜਾਚ ਸਿਖਾਉਣਗੀਆਂ ਓਥੇ ਮਾਨਸਿਕ ਤੌਰ ’ਤੇ ਵੀ ਉਨ੍ਹਾਂ ਨੂੰ ਮਜ਼ਬੂਤ ਕਰਨਗੀਆਂ।

Leave a Reply

Your email address will not be published. Required fields are marked *