
ਗੁਰਦਾਸਪੁਰ, 5 ਫਰਵਰੀ (DamanPreet Singh)
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਸਦਰ ਮੁਕਾਮ ਵਿਖੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੂੰ ਨਿਊ ਜਨ ਡੀ.ਆਈ.ਐੱਸ.ਈ ਪੋਰਟਲ ਬਾਰੇ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਚੋਣ ਦਫ਼ਤਰ ਦੇ ਸਹਿਯੋਗ ਨਾਲ ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀ ਸੋਨੀ ਵੱਲੋਂ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪੋਰਟਲ ਵਿੱਚ ਪੋਲਿੰਗ ਪਾਰਟੀਆਂ ਅਤੇ ਚੋਣਾਂ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਅਮਲੇ ਲਈ ਸਮੂਹ ਵਿਭਾਗਾਂ ਦੇ ਸਟਾਫ਼ ਦੀ ਐਂਟਰੀ ਦਰਜ਼ ਕਰਨ ਬਾਰੇ ਦੱਸਿਆ ਗਿਆ।
ਸਾਰਾ ਦਿਨ ਚੱਲੇ ਇਸ ਟੈਕਨੀਕਲ ਸੈਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਗੁਰਦਾਸਪੁਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ, ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਅਤੇ ਕੇਂਦਰ ਸਰਕਾਰ ਨਾਲ ਸਬੰਧਿਤ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਵੱਲੋਂ ਭਾਗ ਲਿਆ ਗਿਆ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਮਨਜਿੰਦਰ ਸਿੰਘ ਬਾਜਵਾ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਿੱਤੀ ਗਈ ਸਿਖਲਾਈ ਤਹਿਤ ਆਪਣੇ ਵਿਭਾਗਾਂ ਦੀ ਸੂਚਨਾ ਪੋਰਟਲ ਵਿੱਚ ਤਹਿ ਸਮੇਂ ਅੰਦਰ ਦਰਜ ਕਰਨ।