

ਰਿਪੋਰਟਰ — DamanPreet singh
ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਸਥਿਤ ਬੱਬਰੀ ਬਾਈਪਾਸ ਨਾਕੇ ਨੂੰ ਹਾਈ-ਟੈਕ ਕੀਤਾ ਗਿਆ ਹੈ। ਬੀਤੇ ਦਿਨ ਥਾਣਾ ਸਦਰ ਗੁਰਦਾਸਪੁਰ ਪੁਲਿਸ ਨੇ ਇਸ ਹਾਈਟੈਕ ਨਾਕੇ ਤੋਂ ਜੰਮੂ ਦੇ ਰਹਿਣ ਵਾਲੇ ਇੱਕ ਬਰੀਜਾ ਕਾਰ ਸਵਾਰ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।ਇਸ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਗੁਰਦਾਸਪੁਰ ‘ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸਐੱਸਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਪਾਰਟੀ ਨੇ ਬੱਬਰੀ ਬਾਈਪਾਸ ਚੌਕ ‘ਚ ਨਾਕਾਬੰਦੀ ਕੀਤੀ ਹੋਈ ਸੀ। ਵਾਹਨਾਂ ਦੀ ਚੈਕਿੰਗ ਦੌਰਾਨ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਕਾਰ ਨੂੰ ਰੋਕਿਆ ਗਿਆ। ਜਦੋਂ ਕਾਰ ਸਵਾਰ ਸੱਦਾਮ ਹੁਸੈਨ ਵਾਸੀ ਥਾਣਾ ਮੁੱਠੀ ਦਮਨਾ ਜੰਮੂ ਨੂੰ ਰੋਕ ਕੇ ਡੀ.ਐਲ.-8 ਸੀ.ਏ.ਪੀ.-8469 ਬਰੀਜਾ ਕਾਰ ਦੀ ਤਲਾਸ਼ੀ ਲਈ ਗਈ ਤਾਂ ਡਰਾਈਵਰ ਦੀ ਸੀਟ ਦੇ ਹੇਠਾਂ ਲਿਫਾਫੇ ਵਿਚ ਰੱਖੀ ਇਕ ਕਿੱਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਇਹ ਮੁਲਜ਼ਮ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਰਿਹਾ ਸੀ ਅਤੇ ਉਸ ਨੇ ਜੰਮੂ ਵਿੱਚ ਆਪਣੇ ਇੱਕ ਸਾਥੀ ਨੂੰ ਹੈਰੋਇਨ ਦੇਣੀ ਸੀ। ਉਸ ਨੇ ਦੱਸਿਆ ਕਿ ਕਾਰ ਦਾ ਨੰਬਰ ਵੀ ਜਾਅਲੀ ਪਾਇਆ ਗਿਆ ਅਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਮੁਲਜ਼ਮ ਪਹਿਲਾਂ ਵੀ ਹੈਰੋਇਨ ਵੇਚਦਾ ਸੀ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।