ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖਰਚ `ਤੇ ਚੋਣ ਕਮਿਸਨ ਦੀ ਰਹੇਗੀ ਤਿੱਖੀ ਨਜ਼ਰ – ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ ਪੰਜਾਬ ਮਾਝਾ

ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਵੱਧ ਤੋਂ ਵੱਧ 95 ਲੱਖ ਰੁਪਏ ਤੱਕ ਹੀ ਚੋਣ ਖਰਚਾ ਕਰ ਸਕਣਗੇ

ਉਮੀਦਵਾਰਾਂ ਵੱਲੋਂ ਪੇਡ ਨਿਊਜ ਜਾਂ ਸਿਆਸੀ ਇਸ਼ਤਿਹਾਰਬਾਜੀ `ਤੇ ਕੀਤੇ ਜਾਣ ਵਾਲੇ ਖਰਚੇ ਵੀ ਹੋਣਗੇ ਚੋਣ ਖਰਚੇ ਦਾ ਹਿੱਸਾ

ਗੁਰਦਾਸਪੁਰ, 23 ਮਾਰਚ (DamanPreet Singh) – ਲੋਕ ਸਭਾ ਚੋਣਾਂ-2024 ਦੌਰਾਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖਰਚ ਤੇ ਤਿੱਖੀ ਨਜਰ ਰੱਖਣ ਲਈ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ ਹੇਠ ਜ਼ਿਲਾ੍ਹ ਪੱਧਰੀ ਖਰਚਾ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਚੋਣ ਖਰਚਤੇ ਨਜ਼ਰ ਰੱਖੀ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਕੀਤੀ ਜਾਣ ਵਾਲੀ ਹਰ ਰੈਲੀ, ਸਭਾ, ਪੋਸਟਰ, ਬੈਨਰ, ਇਸਤਿਹਾਰਬਾਜ਼ੀ, ਵਾਹਨ ਆਦਿ ਦਾ ਖ਼ਰਚਾ ਚੋਣ ਖ਼ਰਚੇ ਵਿੱਚ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇੱਕ ਉਮੀਦਵਾਰ ਲਈ ਵੱਧ ਤੋਂ ਵੱਧ 95 ਲੱਖ ਰੁਪਏ ਤੱਕ ਦਾ ਖਰਚਾ ਕਰਨ ਦੀ ਸੀਮਾ ਚੋਣ ਕਮਿਸ਼ਨ ਵਲੋਂ ਤਹਿ ਕੀਤੀ ਗਈ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਦੇ ਸਮਰਥਕ ਦੇ ਨਿੱਜੀ ਵਾਹਨ ਤੇ ਕਿਸੇ ਉਮੀਦਵਾਰ ਦੀ ਫੋਟੋ ਵਾਲਾ ਪੋਸਟਰ ਬੈਨਰ ਲੱਗਿਆ ਹੈ ਤਾਂ ਉਸ ਵਾਹਨ ਦਾ ਖ਼ਰਚਾ ਵੀ ਉਮੀਦਵਾਰ ਦੇ ਖ਼ਰਚੇ ਵਿੱਚ ਜੋੜਿਆ ਜਾਵੇਗਾ ਅਤੇ ਜੇਕਰ ਕਿਸੇ ਪਾਰਟੀ ਦੀ ਝੰਡੀ ਲੱਗੀ ਹੈ ਤਾਂ ਉਹ ਖ਼ਰਚਾ ਪਾਰਟੀ ਦੇ ਖ਼ਰਚ ਵਿੱਚ ਜੋੜਿਆ ਜਾਏਗਾ। ਇਸ ਤੋਂ ਬਿਨਾਂ ਸਾਰੀਆਂ ਚੋਣ ਰੈਲੀਆਂ ਸਭਾਵਾਂ ਦੀ ਵੀਡੀਓਗ੍ਰਾਫੀ ਕਰਵਾ ਕੇ ਉਸ ਦੇ ਆਧਾਰ ਤੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਰੇਕ ਖ਼ਰਚ ਨੂੰ ਉਨ੍ਹਾਂ ਦੇ ਚੋਣ ਖ਼ਰਚ ਵਿੱਚ ਜੋੜਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਸਿਆਸੀ ਇਸ਼ਤਿਹਾਰ, ਹੋਰਿਡਿੰਗਜ਼ ਨਹੀਂ ਲਗਾਏ ਜਾ ਸਕਦੇ ਅਤੇ ਨਾ ਹੀ ਮਾਲਕ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਪਾਰਟੀ ਦਾ ਝੰਡਾ ਲਾਇਆ ਜਾ ਸਕਦਾ ਹੈ।

ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਪੇਡ ਨਿਊਜ ਜਾਂ ਸਿਆਸੀ ਇਸਤਿਹਾਰਬਾਜੀ `ਤੇ ਕੀਤੇ ਜਾਣ ਵਾਲੇ ਖਰਚ ਨੂੰ ਵੀ ਚੋਣ ਖ਼ਰਚ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਮ.ਸੀ.ਐੱਮ.ਸੀ. ਸੈੱਲ ਵੱਲੋਂ ਹਰ ਤਰ੍ਹਾਂ ਦੇ ਮੀਡੀਆ ਉੱਪਰ ਕੀਤੇ ਜਾਣ ਵਾਲੇ ਖ਼ਰਚ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਖਰਚਾ ਨਿਗਰਾਨ ਸੈੱਲ ਉਮੀਦਵਾਰਾਂ ਦੇ ਖਰਚੇ ਦਾ ਹਰੇਕ ਹਿਸਾਬ ਇੱਕ ਸੈੱਡੋ ਰਜਿਸਟਰ ਵਿੱਚ ਦਰਜ ਕਰੇਗਾ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤਹਿ ਚੋਣ ਖ਼ਰਚੇ ਅੰਦਰ ਹੀ ਆਪਣਾ ਖ਼ਰਚਾ ਕਰਨ ਅਤੇ ਇਸਦਾ ਸਾਰਾ ਰਿਕਾਰਡ ਵੀ ਮੇਨਟੇਨ ਕਰਨ।

Leave a Reply

Your email address will not be published. Required fields are marked *