ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਗੁਰਦਾਸਪੁਰ ਪੰਜਾਬ ਮਾਝਾ

ਚੈਨਲ ਰਾਹੀਂ ਵੋਟਰ ਨਿਯਮਤ ਚੋਣ ਅਪਡੇਟ ਹਾਸਲ ਕਰ ਸਕਣਗੇ

ਗੁਰਦਾਸਪੁਰ, 30 ਅਪ੍ਰੈਲ (DamanPreet singh) – ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਇੱਕ ਸਮਰਪਿਤ ਵਟਸਐਪ ਚੈਨਲ, ‘ਮੁੱਖ ਚੋਣ ਅਧਿਕਾਰੀ, ਪੰਜਾਬ’ ਦੀ ਸ਼ੁਰੂਆਤ ਕੀਤੀ ਗਈ ਹੈ।

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਟਸਐਪ ਚੈਨਲ ਦਾ ਉਦੇਸ਼ ਚੋਣਾਂ ਸੰਬੰਧੀ ਆਮ ਜਨਤਾ ਅਤੇ ਚੋਣ ਅਮਲ ਦੇ ਭਾਗੀਦਾਰਾਂ ਲਈ ਮਹੱਤਵਪੂਰਨ ਜਾਣਕਾਰੀ ਨੂੰ ਪ੍ਰਸਾਰਿਤ ਕਰਨਾ ਹੈ, ਜਿਸ ਵਿੱਚ ਚੋਣ ਪ੍ਰਕਿਰਿਆਵਾਂ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ, ਮਹੱਤਵਪੂਰਨ ਤਰੀਕਾਂ, ਵੱਖ-ਵੱਖ ਅੰਕੜੇ ਅਤੇ ਲੋਕ ਸਭਾ ਚੋਣਾਂ-2024 ਨਾਲ ਸਬੰਧਤ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਚੈਨਲ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪ੍ਰਾਪਤੀ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਕੀਤੀਆਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਵੀ ਵੋਟਰਾਂ ਤੱਕ ਪੁੱਜਦਾ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਵਟਸਐਪ ਚੈਨਲ ਦਾ ਲਿੰਕ https://whatsapp.com/channel/0029VaXAfbp2975C6NZL2G02 ਹੈ।

ਇਹ ਉਪਰਾਲਾ ਜਨਤਕ ਸ਼ਮੂਲੀਅਤ ਲਈ ਤਕਨਾਲੋਜੀ ਦਾ ਲਾਭ ਉਠਾਉਣ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਪਹਿਲਾਂ ਤੋਂ ਜਾਰੀ ਯਤਨਾਂ ਦਾ ਹਿੱਸਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਅਤੇ ਹੋਰ ਗਤੀਵਿਧੀਆਂ ਦਾ ਪ੍ਰਸਾਰ ਕਰਨ ਅਤੇ ਵੋਟਰਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਵੱਲੋਂ ਨਿਯਮਤ ਪੋਡਕਾਸਟ ਸ਼ੁਰੂ ਕੀਤਾ ਗਿਆ ਹੈ ਅਤੇ “ਫੇਸਬੁੱਕ ਲਾਈਵ” ਸੈਸ਼ਨ ਵੀ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ @TheCEOPunjab ਹੈਂਡਲ ਨਾਲ ਫੇਸਬੁੱਕ, ਐਕਸ, ਇੰਸਟਾਗ੍ਰਾਮ ਅਤੇ ਯੂਟਿਊਬ ਚੈਨਲ ਵੀ ਚਲਾਏ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਵਟਸਐਪ ਵਰਤਣ ਵਾਲੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਚੋਣਾਂ 2024 ਬਾਰੇ ਨਿਯਮਤ ਅਤੇ ਪ੍ਰਮਾਣਿਕ​ਅੱਪਡੇਟ ਪ੍ਰਾਪਤ ਕਰਨ ਲਈ ਅਧਿਕਾਰਤ ਚੈਨਲ ਨਾਲ ਜੁੜਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਟਸਐਪ ਵਰਤਣ ਵਾਲਿਆਂ ਨੂੰ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਇਸ ਚੈਨਲ ਦੀ ਜਾਣਕਾਰੀ ਨੂੰ ਹੋਰ ਸਮੂਹਾਂ ਵਿੱਚ ਸਾਂਝਾ ਕਰਨ ਦੀ ਅਪੀਲ ਵੀ ਕੀਤੀ ਹੈ।

Leave a Reply

Your email address will not be published. Required fields are marked *