ਐੱਸ.ਡੀ.ਐੱਮ. ਜਸਪਿੰਦਰ ਸਿੰਘ ਨੇ ਦੀਨਾਨਗਰ ਵਿਖੇ ਜ਼ਿਲ੍ਹਾ

ਗੁਰਦਾਸਪੁਰ ਪੰਜਾਬ

ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ

ਦੀਨਾਨਗਰ, 18 ਜਨਵਰੀ (DamanPreet singh) – ਵੱਧ ਰਹੀ ਸਰਦੀ ਨੂੰ ਮੁੱਖ ਰੱਖਦੇ ਹੋਏ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਆਈ.ਏ.ਐੱਸ. ਨੇ ਬੀਤੀ ਸ਼ਾਮ ਦੀਨਾਨਗਰ ਵਿਖੇ ਸਰਬੱਤ ਦਾ ਭਲਾ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਸ਼ੈਲਟਰ ਹੋਮ ਵਿੱਚ ਰਹਿ ਰਹੇ ਲੋੜਵੰਦ ਵਿਅਕਤੀਆਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਗੁਰਦਾਸਪੁਰ ਵੱਲੋਂ ਗਰਮ ਕੰਬਲ ਵੰਡੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਰਾਜੀਵ ਸਿੰਘ, ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਸੰਚਾਲਕ ਸ. ਬਚਿੱਤਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਵੀ ਹਾਜ਼ਰ ਸਨ।

ਸਰਬੱਤ ਦਾ ਭਲਾ ਫਾਊਂਡੇਸ਼ਨ ਵੱਲੋਂ ਦੀਨਾਨਗਰ ਵਿਖੇ ਚਲਾਏ ਜਾ ਰਹੇ ਸ਼ੈਲਟਰ ਹੋਮ ਦੀ ਸ਼ਲਾਘਾ ਕਰਦਿਆਂ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਆਈ.ਏ.ਐੱਸ. ਨੇ ਕਿਹਾ ਕਿ ਸ. ਬਚਿੱਤਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਬਹੁਤ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਦੀ ਬਾਂਹ ਫੜਨਾ ਵੱਡਾ ਪਰ-ਉਪਕਾਰੀ ਕਾਰਜ ਹੈ ਅਤੇ ਇਸ ਸ਼ੈਲਟਰ ਹੋਮ ਵਿੱਚ ਲੋੜਵੰਦਾਂ ਨੂੰ ਆਸਰਾ ਦੇਣ ਦੇ ਨਾਲ ਉਨ੍ਹਾਂ ਦੀ ਹਰ ਜ਼ਰੂਰੀ ਲੋੜ ਪੂਰੀ ਕੀਤੀ ਜਾ ਰਹੀ ਹੈ।

ਐੱਸ.ਡੀ.ਐੱਮ. ਸ੍ਰੀ ਜਸਪਿੰਦਰ ਸਿੰਘ ਨੇ ਕਿਹਾ ਕਿ ਇਨੀਂ ਦਿਨੀ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਗਰੀਬ ਤੇ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਜਾ ਰਹੇ ਹਨ ਤਾਂ ਜੋ ਕਿਸੇ ਨੂੰ ਵੀ ਠੰਡ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਲਈ ਤਤਪਰ ਰਹਿੰਦੀ ਹੈ ਅਤੇ ਭਵਿੱਖ ਵਿੱਚ ਵੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਜਿਹੇ ਮਾਨਵਤਾਵਾਦੀ ਕਾਰਜ ਜਾਰੀ ਰਹਿਣਗੇ।

Leave a Reply

Your email address will not be published. Required fields are marked *