4.5 ਕਰੋੜ ਰੁਪਏ ਖ਼ਰਚ ਕੇ ਕਾਹਨੂੰਵਾਨ-ਚੱਕ ਸ਼ਰੀਫ਼ ਸੜਕ ਨੂੰ 18 ਫੁੱਟ ਤੋਂ 23 ਫੁੱਟ ਚੌੜਾ ਕੀਤਾ ਜਾਵੇਗਾ
ਰਾਜ ਸਰਕਾਰ ਨੇ ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੀਆਂ ਸੰਪਰਕ ਸੜਕਾਂ ਦੇ ਨਵੀਨੀਕਰਨ ਲਈ 35 ਕਰੋੜ ਰੁਪਏ ਮਨਜ਼ੂਰ ਕੀਤੇ – ਜਗਰੂਪ ਸਿੰਘ ਸੇਖਵਾਂ
ਕਾਹਨੂੰਵਾਨ/ਗੁਰਦਾਸਪੁਰ, 07 ਜੁਲਾਈ (Damanpreet singh) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਕਾਸ ਕ੍ਰਾਂਤੀ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਵੀ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬੇਟ ਇਲਾਕੇ ਦੀ ਸਭ ਤੋਂ ਮਹੱਤਵਪੂਰਨ ਸੜਕ ਜੋ ਕਾਹਨੂੰਵਾਨ ਤੇ ਚੱਕ ਸ਼ਰੀਫ਼ ਨੂੰ ਆਪਸ ਵਿੱਚ ਜੋੜਦੀ ਹੈ, ਉਸ ਨੂੰ ਚੌੜਿਆਂ ਤੇ ਨਵੀਨੀਕਰਨ ਉੱਪਰ 4.5 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਕਾਹਨੂੰਵਾਨ-ਚੱਕ ਸ਼ਰੀਫ਼ ਸੜਕ ਨੂੰ 18 ਫੁੱਟ ਤੋਂ ਵਧਾ ਕੇ 23 ਫੁੱਟ ਚੌੜੀ ਕਰਨ ਅਤੇ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਵੱਲੋਂ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਪ੍ਰੀਤ ਸਿੰਘ ਅਤੇ ਇਲਾਕੇ ਦੇ ਮੁਹਤਬਰ ਵੀ ਹਾਜ਼ਰ ਸਨ।
ਸੜਕ ਦੇ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸੜਕ ਦੇ ਨਵੀਨੀਕਰਨ ਉੱਪਰ 4.5 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਟ ਇਲਾਕੇ ਦੀ ਇਹ ਪ੍ਰਮੁੱਖ ਸੰਪਰਕ ਸੜਕ ਪਹਿਲਾਂ 18 ਫੁੱਟ ਚੌੜੀ ਸੀ ਜਿਸ ਨੂੰ ਹੁਣ 23 ਫੁੱਟ ਚੌੜਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੜਕ ਚੌੜੀ ਘੱਟ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਵਾਰ ਸੜਕ ਹਾਦਸੇ ਵੀ ਵਾਪਰ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇਹ ਸੜਕ ਚੌੜੀ ਹੋਣ ਨਾਲ ਬੇਟ ਇਲਾਕੇ ਦੇ ਸੈਂਕੜੇ ਪਿੰਡਾਂ ਦੀ ਆਵਾਜਾਈ ਸੁਚੱਜੀ, ਸੁਰੱਖਿਅਤ ਅਤੇ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਮਾਰਗ ਸਿਰਫ਼ ਆਵਾਜਾਈ ਲਈ ਨਹੀਂ, ਸਗੋਂ ਇਲਾਕੇ ਦੀ ਆਰਥਿਕਤਾ ਅਤੇ ਸਥਾਨਕ ਵਿਕਾਸ ਲਈ ਇੱਕ ਨਵੀਂ ਰਾਹਦਾਰੀ ਸਾਬਤ ਹੋਵੇਗਾ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੀਆਂ ਸੰਪਰਕ ਸੜਕਾਂ ਦੇ ਨਵੀਨੀਕਰਨ ਲਈ 35 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਰਹਿੰਦੀਆਂ ਸੜਕਾਂ ਦਾ ਨਵੀਨੀਕਰਨ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਸੜਕਾਂ ਦੇ ਨਵੀਨੀਕਰਨ ਪ੍ਰੋਜੈਕਟ ਲਈ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।