ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਬੁਰੀ ਤਰ੍ਹਾਂ ਵਚਨਬੱਧ : ਰਮਨ ਬਹਿਲ
ਗੁਰਦਾਸਪੁਰ, 3 ਅਕਤੂਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ਼੍ਰੀ ਰਮਨ ਬਹਿਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਹਾਲ ਰੱਖਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਸੂਰਤ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।
ਸ੍ਰੀ ਰਮਨ ਬਹਿਲ ਅੱਜ ਹਲਕੇ ਦੇ ਪਿੰਡ ਸਾਧੂਚੱਕ ਵਿਖੇ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਦਿਲਪ੍ਰੀਤ ਕੌਰ ਨੂੰ ਹੌਸਲਾ ਦਿੱਤਾ ਕਿ ਉਹ ਉਹਨਾਂ ਦੇ ਨਾਲ ਖੜੇ ਹਨ। ਦੱਸਣਯੋਗ ਹੈ ਕਿ ਪਿੰਡ ਸਾਧੂਚੱਕ ਦੀ ਵਸਨੀਕ ਦਿਲਪ੍ਰੀਤ ਕੌਰ ਜਿਸ ਦਾ ਵਿਆਹ ਜ਼ਿਲਾ ਤਰਨ ਤਾਰਨ ਦੇ ਇੱਕ ਲੜਕੇ ਨਾਲ ਹੋਇਆ ਸੀ ਅਤੇ ਇਨਾਂ ਦੋਵਾਂ ਪਤੀ ਪਤਨੀ ਦਾ ਆਪਸ ਵਿੱਚ ਘਰੇਲੂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਦਿਲਪ੍ਰੀਤ ਕੌਰ ਆਪਣੇ ਬੱਚਿਆਂ ਸਮੇਤ ਪੇਕੇ ਪਿੰਡ ਸਾਧੂਚੱਕ ਵਿਖੇ ਆਪਣੇ ਮਾਪਿਆਂ ਦੇ ਘਰ ਵਿਖੇ ਰਹਿ ਰਹੀ ਸੀ। ਬੀਤੀ 26 ਸਤੰਬਰ ਨੂੰ ਦਿਲਪ੍ਰੀਤ ਕੌਰ ਦਾ ਪਤੀ ਆਪਣੇ ਨਾਲ ਕੁਝ ਸਾਥੀਆਂ ਨੂੰ ਲੈ ਕੇ ਪਿੰਡ ਸਾਧੂ ਚੱਕ ਵਿਖੇ ਉਹਨਾਂ ਦੇ ਘਰ ਦਾਖਲ ਹੋਇਆ ਅਤੇ ਜਬਰੀ ਦੋਵਾਂ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋਈ। ਜਦੋਂ ਇਸ ਘਟਨਾ ਬਾਰੇ ਸ਼੍ਰੀ ਰਮਨ ਬਹਿਲ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਦੋਸ਼ੀਆਂ ਵਿਰੁੱਧ ਸਖਤ ਕਨੂੰਨੀ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਵੱਲੋਂ ਪੂਰੀ ਮੁਸਤੈਦੀ ਵਰਤਦੇ ਹੋਏ ਬੱਚਿਆਂ ਦੇ ਅਗਵਾਹਕਾਰਾਂ ਨੂੰ ਲੱਭਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਬੀਤੀ ਕੱਲ ਗੁਰਦਾਸਪੁਰ ਪੁਲਿਸ ਨੇ ਇਹਨਾਂ ਦੋਵਾਂ ਬੱਚਿਆਂ ਨੂੰ ਅਗਵਾਹਕਾਰਾਂ ਕੋਲੋਂ ਛੁਡਾ ਕੇ ਉਸ ਦੀ ਮਾਤਾ ਦੇ ਹਵਾਲੇ ਕਰ ਦਿੱਤਾ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਅਮਨ ਪਸੰਦ ਲੋਕ ਹਨ ਅਤੇ ਅਜਿਹੀ ਕਿਸੇ ਵੀ ਹੁੱਲੜਬਾਜੀ ਜਾਂ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਦੋਵਾਂ ਮੀਆਂ-ਬੀਵੀ ਵਿੱਚ ਕੋਈ ਘਰੇਲੂ ਵਿਵਾਦ ਹੈ ਸੀ ਤਾਂ ਉਸ ਨੂੰ ਨਿਜਿੱਠਣ ਲਈ ਕਈ ਹੋਰ ਪਲੇਟਫਾਰਮ ਵਰਤੇ ਜਾ ਸਕਦੇ ਹਨ, ਪਰ ਇਸ ਤਰਾਂ ਹਰਗਿਜ਼ ਗੁੰਡਾਗਰਦੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਸ੍ਰੀ ਬਹਿਲ ਨੇ ਦਿਲਪ੍ਰੀਤ ਕੌਰ ਅਤੇ ਉਸ ਦੀ ਮਾਤਾ ਨੂੰ ਭਰੋਸਾ ਦਿੱਤਾ ਕਿ ਉਹ ਬਤੌਰ ਹਲਕੇ ਦੇ ਆਗੂ ਵਜੋਂ ਉਹਨਾਂ ਦੇ ਨਾਲ ਹਨ ਅਤੇ ਕਿਸੇ ਵੀ ਸੂਰਤ ਵਿੱਚ ਉਹਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਉਹਨਾਂ ਐਸਐਸਪੀ ਗੁਰਦਾਸਪੁਰ ਸ੍ਰੀ ਅਦਿਤਿਆ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਬੱਚਿਆਂ ਨੂੰ ਅਗਵਾਹਕਾਰਾਂ ਕੋਲੋਂ ਛੁਡਵਾਉਣ ਲਾਈ ਕਾਰਵਾਈ ਕੀਤੀ।