ਮਿਸ਼ਨ ‘ਅਬਾਦ’ ਤਹਿਤ ਪਿੰਡ ਖੁਸ਼ਹਾਲਪੁਰ ਵਿਖੇ ਲਗਾਇਆ ਗਿਆ 8ਵਾਂ ਵਿਸ਼ੇਸ਼ ਕੈਂਪ ਅਬਾਦ ਕੈਂਪ ਵਿੱਚ ਪਿੰਡ ਖੁਸ਼ਹਾਲਪੁਰ, ਘੁੰਮਣ, ਕੋਠਾ, ਅਬਦਾਲ ਅਤੇ ਜੌੜੀਆਂ ਦੇ ਕਰੀਬ 550 ਤੋਂ ਵੱਧ ਵਿਅਕਤੀਆਂ ਨੇ ਭਲਾਈ ਯੋਜਨਾਵਾਂ ਦਾ ਲਾਭ ਲਿਆ ਸਰਹੱਦੀ ਇਲਾਕੇ ਦੇ ਮੁਕੰਮਲ ਵਿਕਾਸ ਤੇ ਏਥੋਂ ਦੇ ਵਸਨੀਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਦਾ ਸਬੱਬ ਬਣ ਰਹੇ ਹਨ ਅਬਾਦ ਕੈਂਪ : ਡਿਪਟੀ ਕਮਿਸ਼ਨਰ

ਗੁਰਦਾਸਪੁਰ ਪੰਜਾਬ ਮਾਝਾ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 27 ਮਾਰਚ ( ) – ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਰਹੱਦੀ ਖੇਤਰ ਦੇ ਵਿਕਾਸ ਲਈ ਚਲਾਏ ਜਾ ਰਹੇ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਅੱਜ ਸਰਹੱਦੀ ਪਿੰਡ ਖੁਸ਼ਹਾਲਪੁਰ ਦੀ ਆਈ.ਟੀ.ਆਈ. ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਖੁਸ਼ਹਾਲਪੁਰ ਤੋਂ ਇਲਾਵਾ ਸਰਹੱਦੀ ਪਿੰਡ ਘੁੰਮਣ, ਕੋਠਾ, ਅਬਦਾਲ ਅਤੇ ਜੌੜੀਆਂ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਕੈਂਪ ਦੌਰਾਨ ਦੌਰਾਨ ਕਰੀਬ 550 ਤੋਂ ਵੱਧ ਵਿਅਕਤੀਆਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਬਟਾਲਾ ਮੈਡਮ ਅਸ਼ਵਨੀ ਗੁਟਿਆਲ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਬਲਵਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਕਮ ਮੁੱਖ ਮੰਤਰੀ ਫੀਲ਼ਡ ਅਫ਼ਸਰ ਸ੍ਰੀ ਸਚਿਨ ਪਾਠਕ ਸਮੇਤ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਅਬਾਦ ਕੈਂਪ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ।

ਸਰਹੱਦੀ ਖੇਤਰ ਦੇ ਮੁਕੰਮਲ ਵਿਕਾਸ ਅਤੇ ਏਥੋਂ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਮਿਸ਼ਨ ਅਬਾਦ ਦੇ ਕੈਂਪ ਵਰਦਾਨ ਸਾਬਤ ਹੋ ਰਹੇ ਹਨ। ਅਬਾਦ ਕੈਂਪ ਦੌਰਾਨ ਜਿਥੇ ਲੋਕ ਆਪਣੇ ਪਿੰਡਾਂ ਵਿੱਚ ਹੀ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਉਠਾ ਰਹੇ ਹਨ ਓਥੇ ਨਾਲ ਹੀ ਅਬਾਦ ਕੈਂਪ ਵਿੱਚ ਲੱਗਦੇ ਮੁਫ਼ਤ ਮੈਡੀਕਲ ਕੈਂਪ ਵੀ ਬਿਮਾਰਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇ ਰਹੇ ਹਨ।

ਆਬਾਦ ਕੈਂਪ ਦੌਰਾਨ ਸੰਬੋਧਨ ਹੁੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸਰਹੱਦੀ ਖੇਤਰ ਦੇ ਮੁਕੰਮਲ ਵਿਕਾਸ ਲਈ ਵਰਨਬੱਧ ਹੈ। ਉਨ੍ਹਾਂ ਕਿਹਾ ਕਿ ਅਬਾਦ ਕੈਂਪਾਂ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਨਾਲ ਹੀ ਯੋਗ ਲਾਭਪਾਤਰੀਆਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਬਾਦ ਕੈਂਪਾਂ ਦੌਰਾਨ ਭਾਰਤੀ ਫੌਜ, ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਭਰਤੀ ਸਬੰਧੀ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦੇਣ ਦੇ ਨਾਲ ਉਨ੍ਹਾਂ ਨੂੰ ਭਰਤੀ ਹੋਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।

ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਮੈਡਮ ਅਸ਼ਵਨੀ ਗੁਟਿਆਲ ਨੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਸਰਹੱਦ ਪਾਰੋਂ ਹੁੰਦੀਆਂ ਡਰੋਨ ਗਤੀਵਿਧੀਆਂ ਨੂੰ ਰੋਕਣ ਲਈ ਬੀ.ਐੱਸ.ਐੱਫ. ਅਤੇ ਪੁਲਿਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੇ ਨਾਲ ਸਮੂਹ ਪਿੰਡ ਵਾਸੀ ਵੀ ਪੂਰੀ ਤਰਾਂ ਚੌਕਸ ਰਹਿਣ। ਮੌਜੂਦਾ ਹਲਾਤ ਦਾ ਜਿਕਰ ਕਰਦਿਆਂ ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਸਮਾਜ ਵਿੱਚ ਅਮਨ-ਸ਼ਾਂਤੀ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ।

ਅੱਜ ਦੇ ਅਬਾਦ ਕੈਂਪ ਦੌਰਾਨ ਸੇਵਾ ਕੇਂਦਰ ਨੇ ਅਧਾਰ ਕਾਰਡ ਅਤੇ ਈ. ਸੇਵਾ ਵਿੱਚ ਜਾਤੀ ਸਰਟੀਫਿਕੇਟ, ਆਮਦਨ, ਰੂਰਲ, ਰੈਜੀਡੈਂਸ ਅਤੇ ਬਾਰਡਰ ਏਰੀਏ ਦੇ 35 ਸਰਟੀਫਿਕੇਟ ਮੌਕੇ ’ਤੇ ਜਾਰੀ ਕੀਤੇ। ਇਸ ਮੌਕੇ ਸਿਹਤ ਵਿਭਾਗ ਵੱਲੋਂ ਲਗਾਏ ਸਟਾਲ ’ਤੇ ਮਾਹਿਰ ਡਾਕਟਰਾਂ ਵੱਲੋਂ 103 ਮਰੀਜਾਂ ਦੀ ਮੁੱਢਲੀ ਜਾਂਚ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸਰਹੱਦੀ ਪਿੰਡਾਂ ਦੇ ਵਸਨੀਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਇਸ ਕੈਂਪ ਤੋਂ ਬਹੁਤ ਖੁਸ਼ ਸਨ ਅਤੇ ਉਨਾਂ ਨੇ ਇਸ ਉਪਰਾਲੇ ਲਈ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਇਸ ਮੌਕੇ ਤਹਿਸੀਲਦਾਰ ਜਗਤਾਰ ਸਿੰਘ, ਡੀ.ਐੱਸ.ਪੀ. ਰਵਿੰਦਰ ਸਿੰਘ, ਐੱਸ.ਐੱਚ.ਓ. ਮੈਡਮ ਦਿੱਲਪ੍ਰੀਤ ਕੌਰ, ਸਰਪੰਚ ਪਿੰਡ ਖੁਸ਼ਹਾਲਪੁਰ ਮੈਡਮ ਰੂਬੀ, ਸਰਪੰਚ ਅਬਾਦੀ ਰਾਮਪੁਰ ਸੰਦੀਪ ਸਿੰਘ, ਨੱਥਾ ਮਸੀਹ, ਫੌਜੀ ਮਲਕੀਤ ਸਿੰਘ, ਕੰਵਲਜੀਤ ਸਿੰਘ ਖੁਸ਼ਹਾਲਪੁਰ ਸਮੇਤ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।

ਦੱਸਣਯੋਗ ਹੈ ਕਿ ਪਿੰਡ ਖੁਸ਼ਹਾਲਪੁਰ ਵਿਖੇ ਅੱਜ ਇਹ 8ਵਾਂ ਕੈਂਪ ਸੀ ਜਦਕਿ ਇਸਤੋਂ ਪਹਿਲਾਂ ਝਬਕਰਾ, ਡੇਰਾ ਬਾਬਾ ਨਾਨਕ, ਸ਼ਹੂਰਕਲਾਂ, ਠੇਠਰਕੇ, ਇਸਲਾਮਪੁਰ, ਗੁਰਚੱਕ ਅਤੇ ਆਦੀਆਂ ਵਿਖੇ ਵੀ ਅਬਾਦ ਕੈਂਪ ਲਗਾਏ ਜਾ ਚੁੱਕੇ ਹਨ।

Leave a Reply

Your email address will not be published. Required fields are marked *