



ਦੀਨਾਨਗਰ- 17 ਅਪ੍ਰੈਲ (Damanpreet singh) ਹਲਕਾ ਇੰਚਾਰਜ ਸਮਸ਼ੇਰ ਸਿੰਘ ਵੱਲੋਂ ਅੱਜ ਅਨਾਜ ਮੰਡੀ ਦੀਨਾਨਗਰ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਆੜ੍ਹਤੀਏ ਵੀ ਹਾਜ਼ਰ ਸਨ।
ਕਣਕ ਦੀ ਖਰੀਦ ਸ਼ੁਰੂ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਪੂਰੇ ਤੋਲ ਅਤੇ ਪੂਰੇ ਭਾਅ ’ਤੇ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਪੂਰੀ ਤਰਾਂ ਪਾਰਦਰਸ਼ੀ ਹੋਵੇਗੀ ਅਤੇ ਇੱਕ ਨਿੱਕੇ ਪੈਸੇ ਦੇ ਵੀ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਰੋਜ਼ਾਨਾਂ ਮੰਡੀਆਂ ਵਿੱਚ ਦੌਰਾ ਕਰਕੇ ਖਰੀਦ ਪ੍ਰਬੰਧਾਂ ਨੂੰ ਆਪਣੀ ਨਿਗਰਾਨੀ ਹੇਠ ਨੇਪਰੇ ਚਾੜਨ।
ਸਮਸ਼ੇਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਏ ਵੈਲਿਊ ਕੱਟ ਕਾਰਨ ਕਿਸਾਨਾਂ ਨੂੰ ਮਾਲੀ ਤੌਰ ’ਤੇ ਕੋਈ ਘਾਟਾ ਨਾ ਪਵੇ ਇਸ ਲਈ ਇਸ ਘਾਟੇ ਦੀ ਭਰਪਾਈ ਰਾਜ ਸਰਕਾਰ ਆਪਣੇ ਵੱਲੋਂ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਮੋਦੀ ਸਰਕਾਰ ਸੱਚਮੁੱਚ ਹੀ ਕਿਸਾਨ ਹਿਤੈਸ਼ੀ ਹੈ ਤਾਂ ਉਹ ਕਣਕ ਦੀ ਫਸਲ ਉੱਪਰ ਲਗਾਏ ਗਏ ਵੈਲਿਊ ਕੱਟ ਨੂੰ ਵਾਪਸ ਲੈ ਕੇ ਕਿਸਾਨਾਂ ਨੂੰ ਫਸਲ ਦਾ ਪੂਰਾ ਭਾਅ ਦੇਵੇ। ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਨਾਲ ਝੰਬੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਰਾਹਤ ਦੇਣ ਦੀ ਥਾਂ ਭਾਅ ਵਿੱਚ ਕੱਟ ਲਗਾ ਕੇ ਦੋਹਰੀ ਮਾਰ ਨਹੀਂ ਮਾਰਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਰਵੱਈਏ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਗੁਰੇਸ਼ ਸਹਿਗਲ ਨੇ ਕਿਹਾ ਕਿ ਦੀਨਾਨਗਰ ਦੀਆਂ ਮੰਡੀਆਂ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੀਨਾਨਗਰ ਦੇ ਸਕੱਤਰ ਗੁਰੇਸ਼ ਸਹਿਗਲ, ਖਰੀਦ ਏਜੰਸੀ ਦੇ ਅਧਿਕਾਰੀ ਸੁਮਿਤ ਕੁਮਾਰ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਮਿੰਦਰ ਸੈਂਣੀ, ਆੜਤੀ ਉਮੇਸ਼ ਮਰਵਾਹਾ, ਸ਼ਾਮਲ ਮਹਾਜਨ, ਕੁਲਤਾਰ ਸਿੰਘ ਸੋਨੂੰ, ਗੁਰਨਾਮ ਸਿੰਘ ਬੈਂਸ ਅਤੇ ਅਨਿਲ ਗੁਪਤਾ ਆਪ ਆਗੂ ਪ੍ਰਦੀਪ ਠਾਕੁਰ, ਬਾਪੂ ਬਲਦੇਵ ਸਿੰਘ, ਪ੍ਰਿੰਸੀਪਲ ਸੁਖਦੇਵ ਰਾਜ, ਗੁਰਨਾਮ ਸਿੰਘ, ਵਰਿੰਦਰ ਕਪੂਰ, ਵਿਜੇ ਕੁਮਾਰ, ਨੰਬਰਦਾਰ ਕਰਨੈਲ ਸਿੰਘ ਬਾਂਠਾਵਾਲਾ ਅਤੇ ਸੋਨੂੰ ਸਿੰਘ ਦੇ ਇਲਾਵਾ ਕਿਸਾਨ ਦਿਲਬਾਗ ਸਿੰਘ, ਬਬਲੂ ਘੁੰਮਣ, ਬਲਦੇਵ ਸਿੰਘ ਵੀ ਹਾਜਰ ਸਨ।
ਤਸਵੀਰ- ਅਨਾਜ ਮੰਡੀ ਦੀਨਾਨਗਰ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਹਲਕਾ ਇੰਚਰਾਜ ਸਮਸ਼ੇਰ ਸਿੰਘ ਤੇ ਹੋਰ।