ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਚੌੜ ਸਿੱਧਵਾਂ ਵਿਖੇ ਮਿਸ਼ਨ ’ਅਬਾਦ’ ਕੈਂਪ ਤਹਿਤ ਵਿਸ਼ੇਸ਼ ਕੈਂਪ ਲਗਾਇਆ

ਗੁਰਦਾਸਪੁਰ ਪੰਜਾਬ ਮਾਝਾ

ਅਬਾਦ ਕੈਂਪ ਦੌਰਾਨ 300 ਤੋਂ ਵੱਧ ਵਿਅਕਤੀਆਂ ਨੇ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਉਠਾਇਆ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਚੇਅਰਮੈਨ ਰਮਨ ਬਹਿਲ ਨੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

ਚੌੜ ਸਿੱਧਵਾਂ (ਗੁਰਦਾਸਪੁਰ), 19 ਜੁਲਾਈ (DamanPreet singh) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਚੌੜ ਵਿਖੇ ਮਿਸ਼ਨ ’ਅਬਾਦ’ ਤਹਿਤ ਵਿਸ਼ੇਸ਼ ਜਨ ਸੁਣਵਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਐੱਸ.ਡੀ.ਐੱਮ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।

ਅੱਜ ਦੇ ਅਬਾਦ ਕੈਂਪ ਵਿੱਚ ਪਿੰਡ ਚੌੜ, ਸਿਧਵਾਂ, ਪਰਸੋ ਕਾ ਪਿੰਡ, ਕੋਟਲ਼ੀ ਮੋਹੀਆਂ, ਨਰਪੁਰ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਆਪਣੇ ਵਿਭਾਗ ਨਾਲ ਸਬੰਧਤ ਸੇਵਾਵਾਂ ਯੋਗ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਿਸ ਵਿੱਚ ਮਰੀਜ਼ਾਂ ਦੀ ਮੁੱਢਲੀ ਜਾਂਚ ਕਰਕੇ ਉਨਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ। ਅਬਾਦ ਕੈਂਪ ਦੌਰਾਨ 300 ਤੋਂ ਵੱਧ ਵਿਅਕਤੀਆਂ ਨੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਿੰਡ ਚੌੜ ਸਿਧਵਾਂ ਦੇ ਖਿਡਾਰੀਆਂ ਨੂੰ ਵਾਲੀਬਾਲ ਅਤੇ ਕ੍ਰਿਕੇਟ ਦੀ ਕਿੱਟ ਵੀ ਦਿੱਤੀ।

ਅਬਾਦ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲਾ ਪ੍ਰਸ਼ਾਸਨ ਹਰ ਸਮੇਂ ਜਨਤਾ ਦੀ ਸੇਵਾ ਵਿੱਚ ਹਾਜ਼ਰ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਅਬਾਦ ਕੈਂਪਾਂ ਅਤੇ ਜਨ-ਸੁਣਵਾਈ ਕੈਂਪਾਂ ਜਰੀਏ ਪਿੰਡਾਂ ਤੇ ਸ਼ਹਿਰਾਂ ਵਿੱਚ ਪਹੁੰਚ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਨਾਲ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਕੈਂਪਾਂ ਜਰੀਏ ਲੋਕਾਂ ਦੇ ਕੰਮ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਹੋ ਰਹੇ ਹਨ ਜਿਸ ਨਾਲ ਉਨਾਂ ਦੇ ਸਮੇਂ ਤੇ ਪੈਸੇ ਦੀ ਬਚਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਿਸ਼ਨ ਅਬਾਦ ਤਹਿਤ ਜਨ-ਸੁਣਵਾਈ ਕੈਂਪ ਲਗਾ ਕੇ ਜ਼ਿਲ੍ਹੇ ਦੇ ਸਾਰੇ ਪਿੰਡ ਕਵਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅੱਜ ਇਸ ਪਿੰਡ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਆਇਆ ਹੈ ਅਤੇ ਅਗਲੀ ਵਾਰ ਉਨ੍ਹਾਂ ਸਮੱਸਿਆਵਾਂ ਦਾ ਹੱਲ ਲੈ ਕੇ ਆਵੇਗਾ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਕੈਂਪ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਆਪਣੇ ਕੰਮਾਂ ਲਈ ਦਫ਼ਤਰਾਂ ਵਿੱਚ ਨਹੀਂ ਜਾਣਾ ਪੈਂਦਾ ਸਗੋਂ ਸਰਕਾਰ ਉਨ੍ਹਾਂ ਦੇ ਦੁਆਰ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਲੋਕ ਭਲਾਈ ਉਪਰਾਲਿਆਂ ਤੋਂ ਸੂਬਾ ਵਾਸੀ ਖੁਸ਼ ਹਨ।

ਇਸ ਮੌਕੇ ਐੱਸ.ਡੀ.ਐੱਮ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਤਹਿਸੀਲਦਾਰ ਸ੍ਰੀਮਤੀ ਰਾਜਵਿੰਦਰ ਕੌਰ, ਐਕਸੀਅਨ ਜਲ ਸਪਲਾਈ ਸ੍ਰੀ ਰੱਤੜਾ, ਪੰਚਾਇਤ ਵਿਭਾਗ ਤੋਂ ਅਮ੍ਰਿਤਪਾਲ ਸਿੰਘ, ਸਰਪੰਚ ਕੁਲਬੀਰ ਸਿੰਘ, ਮਨਜੀਤ ਸਿੰਘ ਨੰਬਰਦਾਰ, ਦਲਬੀਰ ਸਿੰਘ, ਰਵੀ ਕੁਮਾਰ, ਅਸ਼ੋਕ ਕੁਮਾਰ, ਦਿਲਬਾਗ ਸਿੰਘ ਸਾਬਕਾ ਸਰਪੰਚ, ਮੂਰਤੀ ਰਾਮ, ਡਾ. ਰਵੇਲ ਸਿੰਘ ਸਰਪੰਚ ਕੋਟਲੀ ਸੋਹੀਆਂ, ਸੁੱਚਾ ਸਿੰਘ ਮੁਲਤਾਨੀ, ਹਰਪ੍ਰਕਾਸ਼ ਸਿੰਘ ਸਰਪੰਚ ਪਰਸੋ ਕਾ ਪਿੰਡ, ਤਰਸੇਮ ਸਿੰਘ, ਅਮਰੀਕ ਸਿੰਘ, ਪ੍ਰਗਟ ਸਿੰਘ ਤੋਂ ਇਲਾਵਾ ਇਲਾਵਾ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *