ਗੁਰਦਾਸਪੁਰ ਦੀ ਅਧਿਆਪਕ ਜੋੜੀ ਨੇ ਆਪਣੀ ਧੀ ਦੇ ਨਾਮ ’ਤੇ ਆਪਣੇ ਨਿਵਾਸ ਦਾ ਨਾਮ ‘ਸੁਰਭੀ ਨਿਵਾਸ’ ਰੱਖਿਆ

ਗੁਰਦਾਸਪੁਰ ਪੰਜਾਬ ਮਾਝਾ

ਮਾਪਿਆਂ ਵੱਲੋਂ ਧੀ ਨੂੰ ਮਾਣ ਦੇਣ ਦੀ ਇਸ ਪਹਿਕਦਮੀ ਦੀ ਭਰਪੂਰ ਸ਼ਲਾਘਾ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਦੌਰਾਨ ‘ਸੁਰਭੀ ਨਿਵਾਸ’ ਦੇ ਨਿਵਾਸੀਆਂ ਦਾ ਸਨਮਾਨ ਕੀਤਾ

ਗੁਰਦਾਸਪੁਰ, 11 ਜਨਵਰੀ (DamanPreet Singh) – ਗੁਰਦਾਸਪੁਰ ਸ਼ਹਿਰ ਦੀ ਰਾਮ ਸ਼ਰਨ ਕਲੋਨੀ ਵਿੱਚ ਸਥਿਤ ‘ਸੁਰਭੀ ਨਿਵਾਸ’ ਉਹ ਨਿਵਾਸ ਹੈ ਜਿਸ ਘਰ ਵਿੱਚ ਧੀ ਅਤੇ ਪੁੱਤਰ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ। ਸੁਰਭੀ ਨਿਵਾਸ ਦੇ ਨਿਵਾਸੀ ਸ੍ਰੀ ਸੰਜੀਵ ਕੁਮਾਰ ਅਤੇ ਸ੍ਰੀਮਤੀ ਸਵਿਤਾ ਰਾਣੀ ਪੇਸ਼ੇ ਵਜੋਂ ਸਰਕਾਰੀ ਅਧਿਆਪਕ ਹਨ ਅਤੇ ਉਹ ਆਪਣੇ ਕੋਲ ਧੀ ਦਾ ਹੋਣਾ ਪ੍ਰਮਾਤਮਾ ਦੀ ਬਹੁਤ ਵੱਡੀ ਦਾਤ ਸਮਝਦੇ ਹਨ। ਇਸ ਅਧਿਆਪਕ ਦੰਪਤੀ ਨੇ ਆਪਣੇ ਘਰ ਦਾ ਨਾਮ ਆਪਣੀ ਧੀ ਦੇ ਨਾਮ ’ਤੇ ‘ਸੁਰਭੀ ਨਿਵਾਸ’ ਰੱਖਿਆ ਹੋਇਆ ਹੈ ਅਤੇ ਪੂਰੀ ਕਲੋਨੀ ਦੇ ਨਾਲ ਗੁਰਦਾਸਪੁਰ ਸ਼ਹਿਰ ਦੇ ਵਾਸੀ ਹੁਣ ਇਸ ਘਰ ਨੂੰ ‘ਸੁਰਭੀ ਨਿਵਾਸ’ ਦੇ ਨਾਮ ਨਾਲ ਹੀ ਜਾਣਦੇ ਹਨ।

ਅਧਿਆਪਕ ਸ੍ਰੀ ਸੰਜੀਵ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ 21 ਸਾਲਾ ਧੀ ਸੁਰਭੀ ਅਤੇ ਇੱਕ 18 ਸਾਲਾ ਬੇਟਾ ਕਾਰਤਿਕ ਹੈ। ਸੰਜੀਵ ਕੁਮਾਰ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਨ੍ਹਾਂ ਨੇ ਕਦੀ ਵੀ ਲੜਕੇ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਅਤੇ ਆਪਣੀ ਧੀ ਨੂੰ ਹਰ ਤਰ੍ਹਾਂ ਨਾਲ ਅੱਗੇ ਵੱਧਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਸੁਰਭੀ ਇਸ ਸਮੇਂ ਬੀ.ਬੀ.ਏ. ਦੀ ਡਿਗਰੀ ਕਰ ਰਹੀ ਹੈ। ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਆਪਣੇ ਨਿਵਾਸ ਦਾ ਨਾਮ ਆਪਣੀ ਧੀ ਦੇ ਨਾਮ ’ਤੇ ਸੁਰਭੀ ਨਿਵਾਸ ਰੱਖਿਆ ਜਾਵੇ। ਬੱਸ ਫਿਰ ਕੀ ਸੀ ਜਦੋਂ ਇਹ ਗੱਲ ਉਨ੍ਹਾਂ ਦੇ ਮਨ ਵਿੱਚ ਆਈ ਤਾਂ ਉਨ੍ਹਾਂ ਨੇ ਆਪਣੀ ਪਤਨੀ ਨਾਲ ਗੱਲ ਕਰਕੇ ਆਪਣੇ ਨਿਵਾਸ ਦਾ ਨਾਮ ‘ਸੁਰਭੀ ਨਿਵਾਸ’ ਰੱਖ ਦਿੱਤਾ ਅਤੇ ਬਕਾਇਦਾ ਇਸ ਨਾਮ ਦੀ ਪਲੇਟ ਵੀ ਗੇਟ ਉੱਪਰ ਲਗਾ ਦਿੱਤੀ।

ਸ੍ਰੀ ਸੰਜੀਵ ਕੁਮਾਰ ਦੱਸਦੇ ਹਨ ਕਿ ਜਦੋਂ ਆਸ-ਪਾਸ ਦੇ ਲੋਕਾਂ ਅਤੇ ਜਾਣਕਾਰਾਂ ਨੂੰ ਇਸਦਾ ਪਤਾ ਲੱਗਾ ਤਾਂ ਉਨ੍ਹਾਂ ਵਿਚੋਂ ਕੁਝ ਕੁ ਨੇ ਆਪਣਾ ਇਤਰਾਜ਼ ਵੀ ਜ਼ਾਹਰ ਕੀਤਾ, ਪਰ ਉਨ੍ਹਾਂ ਨੇ ਸਾਰਿਆਂ ਨੂੰ ਇਹੀ ਸਮਝਾਇਆ ਕਿ ਜੇਕਰ ਲੜਕੀਆਂ ਕਿਸੇ ਵੀ ਪੱਖ ਤੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ ਤਾਂ ਉਨ੍ਹਾਂ ਦੇ ਨਾਮ ’ਤੇ ਘਰ ਦਾ ਨਾਮ ਕਿਉਂ ਨਹੀਂ ਰੱਖਿਆ ਜਾ ਸਕਦਾ? ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਬਹੁ-ਗਿਣਤੀ ਲੋਕਾਂ ਨੇ ਉਨ੍ਹਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਹੀ ਕੀਤੀ ਹੈ ਅਤੇ ਸਾਰੀ ਕਲੋਨੀ ਵਿੱਚ ਸਾਡੀ ਧੀ ਦੇ ਨਾਮ ਕਾਰਨ ਸਾਡਾ ਨਿਵਾਸ ਜਾਣਿਆ ਜਾਂਦਾ ਹੈ।

ਸੰਜੀਵ ਕੁਮਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੀਆਂ ਧੀਆਂ ਨੂੰ ਪੂਰਾ ਮਾਣ-ਸਤਿਕਾਰ ਅਤੇ ਅੱਗੇ ਵੱਧਣ ਦੇ ਮੌਕੇ ਦੇਣ, ਉਨ੍ਹਾਂ ਦੀਆਂ ਧੀਆਂ ਜ਼ਰੂਰ ਉਨ੍ਹਾਂ ਦਾ ਨਾਮ ਰੌਸ਼ਨ ਕਰਨਗੀਆਂ ਅਤੇ ਧੀਆਂ ਦੇ ਨਾਵਾਂ ਦੀਆਂ ਤਖ਼ਤੀਆਂ ਤੋਂ ਹੀ ਮਾਪਿਆਂ ਦੀ ਹੋਰ ਪਛਾਣ ਬਣੇਗੀ। ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਇਸ ਅਧਿਆਪਕ ਜੋੜੀ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਸ੍ਰੀ ਸੰਜੀਵ ਕੁਮਾਰ ਅਤੇ ਸ੍ਰੀਮਤੀ ਸਵਿਤਾ ਰਾਣੀ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਆਪਣੀਆਂ ਧੀਆਂ ਨੂੰ ਮਾਣ ਦੇਣ ਦਾ ਇਹ ਕਦਮ ਬਹੁਤ ਵਧੀਆ ਅਤੇ ਸਵਾਗਤਯੋਗ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਲੜਕੇ ਤੇ ਲੜਕੀਆਂ ਵਿੱਚ ਭੇਦ-ਭਾਵ ਨੂੰ ਖ਼ਤਮ ਕਰਨਾ ਚਾਹੀਦਾ ਹੈ। ਅੱਜ ਜ਼ਿਲ੍ਹਾ ਪੱਧਰੀ ਲੋਹੜੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੁਰਭੀ ਨਿਵਾਸ ਦੇ ਸ੍ਰੀ ਸੰਜੀਵ ਕੁਮਾਰ ਅਤੇ ਸ੍ਰੀਮਤੀ ਸਵਿਤਾ ਰਾਣੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *