

ਗੁਰਦਾਸਪੁਰ, 23 ਫਰਵਰੀ (damanpreet singh) –
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੰਦੀ ਫਾਊਂਡੇਸ਼ਨ ਅਤੇ ਮਹਿੰਦਰਾ ਪ੍ਰਾਈਡ ਕਲਾਸ-ਰੂਮ ਦੇ ਸਹਿਯੋਗ ਨਾਲ ਪੰਡਿਤ ਮੋਹਨ ਲਾਲ ਐੱਸ.ਡੀ ਕਾਲਜ ਫ਼ਾਰ ਗਰਲਜ਼ ਗੁਰਦਾਸਪੁਰ ਵਿਖੇ ਇੰਪਲਾਏਬਿਲਟੀ ਸਕਿੱਲ ਵਿਸ਼ੇ ਉੱਤੇ 19 ਫਰਵਰੀ ਤੋਂ 23 ਫਰਵਰੀ ਤੱਕ 5 ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਫਾਈਨਲ ਸਾਲ ਦੇ 60 ਵਿਦਿਆਰਥੀਆਂ ਨੂੰ 18 ਘੰਟੇ ਦਾ ਕੋਰਸ ਜਿਸ ਵਿਚ ਰੋਜ਼ਗਾਰ ਪ੍ਰਾਪਤੀ ਦੇ ਹੁਨਰ ਸਿਖਾਏ ਗਏ, ਜਿਸ ਵਿਚ ਕਮਿਊਨੀਕੇਸ਼ਨ ਸਕਿੱਲ, ਪ੍ਰੈਜ਼ਨਟੇਸ਼ਨ ਸਕਿੱਲ, ਕਾਨਫੀਡੈਂਸ ਬਿਲਡਿੰਗ, ਬਾਡੀ ਲੈਂਗੂਏਜ, ਬੋਲਣ ਦੀ ਕਲਾ, ਪ੍ਰੋਫੈਸ਼ਨਲ ਗਰੂਮਿੰਗ, ਰੀਜ਼ੂਮ ਰਾਈਟਿੰਗ, ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਦੀ ਤਿਆਰੀ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਅਤੇ ਪ੍ਰਾਰਥੀਆਂ ਦੀ ਮਾਕ ਇੰਟਰਵਿਊ ਵੀ ਕੰਡਕਟ ਕਰਵਾਈ ਗਈ।
ਇਸ ਇੰਪਲਾਏਬਿਲਟੀ ਸਕਿੱਲ ਪ੍ਰੋਗਰਾਮ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸ੍ਰੀ ਸੁਭਾਸ਼ ਚੰਦਰ PCS ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦਾ ਭਰਪੂਰ ਫ਼ਾਇਦਾ ਉਠਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤ ਵਿਚ ਸਹਾਇਤਾ ਮਿਲ ਸਕੇ।
ਇਸ ਸਮੇਂ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਗਿਆ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ, ਨੰਦੀ ਫਾਊਂਡੇਸ਼ਨ ਅਤੇ ਮਹਿੰਦਰਾ ਪ੍ਰਾਈਡ ਕਲਾਸ-ਰੂਮ ਵੱਲੋਂ ਉਨ੍ਹਾਂ ਦੇ ਕਾਲਜ ਵਿਖੇ ਵਰਕਸ਼ਾਪ ਲਗਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਸ੍ਰੀ ਪ੍ਰਸ਼ੋਤਮ ਸਿੰਘ ਚਿੱਬ, ਸ੍ਰੀ ਚਾਂਦ ਸਿੰਘ ਠਾਕੁਰ ਬਲਾਕ ਮਿਸ਼ਨ ਮੈਨੇਜਰ, ਕਾਲਜ ਦੇ ਪ੍ਰੋਫੈਸਰ ਮੈਡਮ ਸੰਦੀਪ ਕੌਰ ਤੇ ਅਵਨੀਤ ਕੋਰ ਵੀ ਹਾਜ਼ਰ ਸਨ।