ਗੁਰਦਾਸਪੁਰ, 27 ਮਾਰਚ (DamanPreet Singh) –
ਸ੍ਰੀ ਹਨਵੰਤ ਸਿੰਘ, ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ-ਰੇਂਜ ਨੇ ਦੱਸਿਆ ਹੈ ਕਿ ਵਿੱਤੀ ਸਾਲ 2024-25 ਦੀ ਪ੍ਰਵਾਨ ਕੀਤੀ ਆਬਕਾਰੀ ਨੀਤੀ ਅਨੁਸਾਰ 28 ਮਾਰਚ 2024 ਨੂੰ ਗੁਰਦਾਸਪੁਰ ਵਿਖੇ ਲਾਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦੇ ਲਸੰਸ ਅਰਜ਼ੀਆਂ ਲੈ ਕੇ ਦਿੱਤੇ ਜਾਣੇ ਹਨ, ਜੇਕਰ ਕਿਸੇ ਠੇਕੇ ਲਈ ਇੱਕ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਉਸ ਠੇਕੇ ਲਈ ਲਸੰਸ ਲਾਟਰੀ ਸਿਸਟਮ ਰਾਹੀਂ ਦਿੱਤਾ ਜਾਵੇਗਾ, ਜੋ ਕਿ ਇੱਕ ਪਾਰਦਰਸ਼ੀ ਤਰੀਕੇ ਨਾਲ ਬਿਨੈਕਾਰ, ਮੀਡੀਆ, ਆਮ ਜਨਤਾ ਅਤੇ ਸਰਕਾਰੀ ਅਬਜ਼ਰਵਰ ਦੀ ਹਾਜ਼ਰੀ ਵਿੱਚ ਹੋਵੇਗਾ।
ਸਹਾਇਕ ਕਮਿਸ਼ਨਰ (ਆਬਕਾਰੀ) ਨੇ ਦੱਸਿਆ ਕਿ ਸਾਲ 2024-25 ਲਈ ਗੁਰਦਾਸਪੁਰ ਰੇਂਜ (ਆਬਕਾਰੀ ਜ਼ਿਲ੍ਹਾ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ) ਦਾ ਲਾਟਰੀ ਲਈ ਡਰਾਅ ਮਿਤੀ 28 ਮਾਰਚ 2024 (ਦਿਨ ਵੀਰਵਾਰ) ਨੂੰ ਸਨਸਿਟੀ ਗਾਰਡਨ, ਬਟਾਲਾ ਰੋਡ, ਗੁਰਦਾਸਪੁਰ ਵਿਖੇ ਦੁਪਹਿਰ 12:00 ਵਜੇ ਕੱਢੇ ਜਾਣਗੇ।