ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਲੋਕ ਸਭਾ ਚੋਣਾਂ ਲਈ ਵੱਖ-ਵੱਖ ਪਰਮੀਸ਼ਨਾਂ ਲਈ ਸਿੰਗਲ ਵਿੰਡੋ ਪ੍ਰਣਾਲੀ ਸਥਾਪਿਤ ਕੀਤੀ – ਜ਼ਿਲ੍ਹਾ ਚੋਣ ਅਧਿਕਾਰੀ

ਗੁਰਦਾਸਪੁਰ ਪੰਜਾਬ ਮਾਝਾ

ਵਿਧਾਨ ਸਭਾ ਹਲਕਾ ਪੱਧਰ ‘ਤੇ ਵੀ ਸਿੰਗਲ ਵਿੰਡੋ ਰਾਹੀਂ ਲਈਆਂ ਜਾ ਸਕਦੀਆਂ ਹਨ ਪ੍ਰਵਾਨਗੀਆਂ

ਗੁਰਦਾਸਪੁਰ, 18 ਮਾਰਚ (DamanPreet Singh) – ਲੋਕ ਸਭਾ ਚੋਣਾਂ ਦੌਰਾਨ ਰਾਜਸੀ ਪਾਰਟੀਆਂ/ਉਮੀਦਵਾਰਾਂ ਨੂੰ ਚੋਣ ਪ੍ਰਚਾਰ ਸਬੰਧੀ ਵੱਖ-ਵੱਖ ਕਿਸਮਾਂ ਦੀਆਂ ਪਰਮੀਸ਼ਨਾਂ ਦੇਣ ਦੀ ਪ੍ਰੀਕ੍ਰਿਆ ਨੂੰ ਸੁਖਾਲਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸੁਪਰਡੈਂਟ ਮਾਲ ਦੇ ਦਫ਼ਤਰ ਵਿਖੇ ਸਿੰਗਲ ਵਿੰਡ‌ੋ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮੀਸ਼ਨਾਂ ਸਬੰਧੀ ਐੱਨ.ਓ.ਸੀ. ਲੈਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 26 ਅਧੀਨ ਜ਼ਿਲ੍ਹਾ ਪੱਧਰ ਪੱਧਰ ਅਤੇ ਹਲਕਾ ਪੱਧਰ ਤੇ ਸਿੰਗਲ ਵਿੰਡੋ ਪ੍ਰਣਾਲੀ ਸਥਾਪਿਤ ਕਰਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਿੰਗਲ ਵਿੰਡੋ ਟੀਮ ਦੇ ਇੰਚਾਰਜ ਜ਼ਿਲ੍ਹਾ ਮਾਲ ਅਫ਼ਸਰ ਗੁਰਦਾਸਪੁਰ ਨੂੰ ਲਗਾਇਆ ਗਿਆ। ਇਸ ਟੀਮ ਵਿੱਚ ਸ੍ਰੀ ਗੁਰਨਾਮ ਸਿੰਘ, ਸੁਪਰਡੈਂਟ ਡੀ.ਸੀ. ਦਫ਼ਤਰ, ਗੁਰਦਾਸਪੁਰ, ਸ੍ਰੀ ਸਰਬਜੀਤ ਸਿੰਘ ਮੁਲਤਾਨੀ ਸੀਨੀਅਰ ਸਹਾਇਕ, ਡੀ.ਸੀ. ਦਫ਼ਤਰ ਗੁਰਦਾਸਪੁਰ, ਸ੍ਰੀ ਰਵੀ ਸ਼ਰਮਾ ਡੀ.ਐੱਸ.ਐੱਮ. ਗੁਰਦਾਸਪੁਰ, ਸ੍ਰੀ ਪਰਮਦੀਪ ਸਿੰਘ, ਏ.ਐੱਸ.ਐੱਮ. ਗੁਰਦਾਸਪੁਰ, ਸ੍ਰੀ ਮਨਦੀਪ ਸਿੰਘ, ਏ.ਐੱਸ.ਐੱਮ. ਨੌਸ਼ਹਿਰਾ ਮੱਝਾ ਸਿੰਘ, ਸ੍ਰੀ ਅਮਰਿੰਦਰ ਸਿੰਘ ਜ਼ਿਲ੍ਹਾ ਈ-ਕੋਆਰਡੀਨੇਟਰ ਗੁਰਦਾਸਪੁਰ ਅਤੇ ਸ੍ਰੀ ਵਰੁਣ ਕੁਮਾਰ, ਜ਼ਿਲ੍ਹਾ ਈ-ਕੋਆਰਡੀਨੇਟਰ ਗੁਰਦਾਸਪੁਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਉਕਤ ਟੀਮ ਇੰਚਾਰਜ ਉਮੀਦਵਾਰ/ਬਿਨੈਕਾਰ ਨੂੰ ਪਰਮੀਸ਼ਨ ਦੇਣ ਲਈ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਵਾਉਣਗੇ ਅਤੇ ਸਿੰਗਲ ਵਿੰਡੋ ਰਾਹੀਂ ਪਰਮੀਸ਼ਨ ਜਾਰੀ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸਮੂਹ ਨੋਡਲ ਅਫ਼ਸਰ ਜ਼ਿਲ੍ਹਾ ਪੱਧਰ ਸਥਾਪਿਤ ਸਿੰਗਲ ਵਿੰਡੋ ਟੀਮ ਨੂੰ ਆਪਣੇ-ਆਪਣੇ ਵਿਭਾਗ ਦਾ ਐੱਨ.ਓ.ਸੀ. ਭੇਜਣਗੇ ਅਤੇ ਇਸੇ ਤਰ੍ਹਾਂ ਏ.ਆਰ.ਓ. ਪੱਧਰ ‘ਤੇ ਸਥਾਪਿਤ ਤੇ ਸਿੰਗਲ ਵਿੰਡੋ ਟੀਮ ਨਾਲ ਆਪਣੇ ਦਫ਼ਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਯੁਕਤ ਕਰਨਗੇ।

ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਸਿੰਗਲ ਵਿੰਡੋ ਸਥਾਪਤ ਕਰਨ ਦੇ ਨਾਲ ਵਿਧਾਨ ਸਭਾ ਹਲਕਾ ਪੱਧਰ ‘ਤੇ ਵੀ ਸਿੰਗਲ ਵਿੰਡੋ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਟੀਮ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਰਾਜਸੀ ਪਾਰਟੀਆਂ/ ਉਮੀਦਵਾਰਾਂ ਵੱਲੋਂ ਦਰਖਾਸਤ ਪ੍ਰਾਪਤ ਹੋਣ ‘ਤੇ ਮਿਥੇ ਸਮੇਂ ਅੰਦਰ ਪਰਮੀਸ਼ਨ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਰੀ/ਦਰਖਾਸਤ ਦਾ ਨਿਪਟਾਰਾ ਸਮੇਂ ਸਿਰ ਨਾ ਹੋਣ ਦੀ ਸੂਰਤ ਵਿਚ ਸਬੰਧਿਤ ਅਧਿਕਾਰੀ/ਕਰਮਚਾਰੀ ਖ਼ਿਲਾਫ਼ ਚੋਣ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *