ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ ਥਾਨਾ ਸਿਟੀ ਗੁਰਦਾਸਪੁਰ ਦੇ ਨਵੇਂ ਇੰਚਾਰਜ ਦੇ ਤੌਰ ਤੇ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਥਾਣਾ ਸਿਟੀ ਗੁਰਦਾਸਪੁਰ ਵਿਖੇ ਸੇਵਾਵਾਂ ਦੇ ਰਹੇ ਗੁਰਮੀਤ ਸਿੰਘ ਦਾ ਤਬਾਦਲਾ ਧਾਰੀਵਾਲ ਦੇ ਥਾਨਾ ਪ੍ਰਭਾਰੀ ਦੇ ਤੌਰ ਤੇ ਕਰ ਦਿੱਤਾ ਗਿਆ ਹੈ।ਦੱਸਣ ਯੋਗ ਹੈ ਕਿ ਦਵਿੰਦਰ ਪ੍ਰਕਾਸ਼ ਇਸ ਤੋਂ ਪਹਿਲਾਂ ਜਿਲਾ ਪਠਾਨਕੋਟ ਵਿੱਚ ਵੱਖ ਵੱਖ ਥਾਣਿਆਂ ਵਿੱਚ ਆਪਣੀ ਡਿਊਟੀ ਨਿਭਾ ਚੁੱਕੇ ਹਨ। ਗੁਰਦਾਸਪੁਰ ਥਾਣਾ ਸਿਟੀ ਜੁਆਇਨ ਕਰਨ ਤੋਂ ਪਹਿਲਾਂ ਉਹ ਪਠਾਨਕੋਟ ਦੇ ਡਿਵੀਜ਼ਨ ਨੰਬਰ 1 ਥਾਣੇ ਵਿੱਚ ਬਤੌਰ ਐਸਐਚਓ ਸੇਵਾ ਨਿਭਾ ਰਹੇ ਸਨ। ਦਵਿੰਦਰ ਇੱਕ ਮਿਹਨਤੀ ਅਤੇ ਸੂਝਵਾਨ ਪੁਲਿਸ ਅਧਿਕਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ। ਉਨਾਂ ਦੀ ਯੋਗਤਾ ਨੂੰ ਦੇਖਦੇ ਹੋਏ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ ਆਈ ਏ) ਨੇ ਉਹਨਾਂ ਨੂੰ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਸੀ ਅਤੇ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਅਧਿਕਾਰੀ ਦੇ ਤੌਰ ਤੇ ਉਹ ਸ਼੍ਰੀਨਗਰ ਵਿਖੇ ਤੈਨਾਤ ਰਹੇ ਜਿੱਥੇ ਕੌਮੀ ਸੁਰੱਖਿਆ ਦੇ ਮਾਮਲੇ ਵਿੱਚ ਉਹਨਾਂ ਨੇ ਕਈ ਵੱਡੀਆਂ ਉਪਲਬਧੀਆਂ ਵੀ ਹਾਸਿਲ ਕੀਤੀਆਂ ਸਨ। ਇਹੋ ਨਹੀਂ ਕਰੋਨਾ ਕਾਲ ਦੇ ਦੌਰਾਨ ਦਵਿੰਦਰ ਪ੍ਰਕਾਸ਼ ਅਤੇ ਉਨਾਂ ਦੀ ਡਾਕਟਰ ਪਤਨੀ ਨੂੰ ਕਰੋਨਾ ਯੋਧਾ ਦੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਸੀ ਕਿਉਂਕਿ ਇਹ ਜੋੜਾ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕਰੋਨਾ ਕਾਲ ਦੇ ਦੌਰਾਨ ਘਰ ਵਿੱਚ ਕੈਦ ਹੋਣ ਦੀ ਬਜਾਏ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਾ ਰਿਹਾ ਸੀ। ਉਸ ਵੇਲੇ ਉਹਨਾਂ ਦੀ ਪਤਨੀ ਸਿਵਲ ਹਸਪਤਾਲ ਪਠਾਨਕੋਟ ਅਤੇ ਉਹ ਖੁਦ ਪਠਾਨਕੋਟ ਦੇ ਡਿਵੀਜ਼ਨ ਨੰਬਰ ਦੋ ਦੇ ਐਸਐਚਓ ਦੇ ਤੌਰ ਤੇ ਕੰਮ ਕਰ ਰਹੇ ਸਨ।