ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਮਕੌੜਾ ਪੱਤਣ ਵਿਖੇ ਦਿੱਤੀ ਨਵੀਂ ਬੇੜੀ ਲੋਕਾਂ ਦੇ ਸਪੁਰਦ

ਗੁਰਦਾਸਪੁਰ ਪੰਜਾਬ ਮਾਝਾ

ਨਵੀਂ ਬੇੜੀ ਮਿਲਣ ਦੇ ਨਾਲ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਦਰਿਆ ਪਾਰ ਕਰਨ ਵਿੱਚ ਮਿਲੇਗੀ ਸਹੂਲਤ

ਜਲਦ ਸ਼ੁਰੂ ਹੋਵੇਗੀ ਮਕੌੜਾ ਪੱਤਣ ਵਿਖੇ ਹਾਈ ਲੈਵਲ ਪੁਲ ਬਣਾਉਣ ਦੀ ਕਾਰਵਾਈ – ਸੀਚੇਵਾਲ

ਮਕੌੜਾ ਪੱਤਣ ਦੇ ਵਸਨੀਕਾਂ ਵੱਲੋਂ ਨਵੀਂ ਬੇੜੀ ਦੇਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ

ਮਕੌੜਾ ਪੱਤਣ/ਗੁਰਦਾਸਪੁਰ, 26 ਜੂਨ (DamanPreet Singh) – ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਾਵੀ ਦਰਿਆ ‘ਤੇ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਆਪਣੇ ਅਖ਼ਤਿਆਰੀ ਫ਼ੰਡ ਵਿੱਚੋਂ ਲੈ ਕੇ ਦਿੱਤੀ ਇੱਕ ਵੱਡੀ ਬੇੜੀ ਨੂੰ ਅੱਜ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ। ਇਸ ਬੇੜੀ ਨਾਲ ਹੁਣ ਮਕੌੜਾ ਪੱਤਣ ਤੋਂ ਪਾਰ ਦੇ ਪਿੰਡ ਤੂਰ, ਭਰਿਆਲ, ਰਾਜਪੁਰ ਚਿੱਬ, ਮੰਮੀ ਚੱਕ ਰੰਗਾ, ਕੂਕਰ, ਝੂੰਬਰ, ਕਜਲੇ ਦੇ ਵਸਨੀਕਾਂ ਨੂੰ ਰਾਵੀ ਦਰਿਆ ਪਾਰ ਕਰਨ ਵਿੱਚ ਸਹੂਲਤ ਮਿਲੇਗੀ। ਇਸ ਮੌਕੇ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਗੁਰਦੇਵ ਸਿੰਘ ਧਾਮ, ਐਕਸੀਅਨ ਡਰੇਨਜ਼ ਸ੍ਰੀ ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਬੇੜੀ ਨੂੰ ਇਲਾਕਾ ਨਿਵਾਸੀਆਂ ਦੇ ਸਪੁਰਦ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਿਛਲੇ ਸਾਲ ਬਰਸਾਤਾਂ ਦੇ ਸੀਜ਼ਨ ਦੌਰਾਨ ਇੱਕ ਮੀਡੀਆ ਰਿਪੋਰਟ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਮਕੌੜਾ ਪੱਤਣ ਵਿਖੇ ਰਾਵੀ ਦ‌ਰਿਆ ਵਿੱਚ ਚੱਲ ਰਹੀ ਕਿਸ਼ਤੀ ਦੀ ਹਾਲਤ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਨੇ ਨਵੀਂ ਬੇੜੀ ਦੀ ਮੰਗ ਰੱਖੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ਅਨੁਸਾਰ ਆਪਣੇ ਅਖ਼ਤਿਆਰੀ ਕੋਟੇ ਵਿੱਚ ਅੱਠ ਲੱਖ ਰੁਪਏ ਨਵੀਂ ਬੇੜੀ ਬਣਾਉਣ ਲਈ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਹ ਬੇੜੀ ਬਣ ਕੇ ਤਿਆਰ ਹੋ ਗਈ ਹੈ ਅਤੇ ਮਕੌੜਾ ਪੱਤਣ ਵਿਖੇ ਪਹੁੰਚ ਗਈ ਹੈ, ਜਿਸ ਨੂੰ ਅੱਜ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਲਟੂਨ ਦਾ ਪੁਲ ਹਟਣ ਤੋਂ ਬਾਅਦ ਇਹ ਬੇੜੀ ਲੋਕਾਂ ਨੂੰ ਦਰਿਆ ਪਾਰ ਕਰਾਉਣ ਦਾ ਸਾਧਨ ਬਣੇਗੀ।

ਸੰਤ ਸੀਚੇਵਾਲ ਨੇ ਕਿਹਾ ਕਿ ਇੱਕ ਪਾਸੇ ਰਾਵੀ ਦਰਿਆ ਅਤੇ ਦੂਸਰੇ ਪਾਸੇ ਪਾਕਿਸਤਾਨ ਦੀ ਸਰਹੱਦ ਹੋਣ ਕਰਕੇ ਏਥੇ ਦੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਕੌੜਾ ਪੱਤਣ ਵਿਖੇ ਪੱਕਾ ਹਾਈ ਲੈਵਲ ਪੁੱਲ ਬਣਾਉਣ ਦਾ ਪ੍ਰੋਜੈਕਟ ਪਾਸ ਹੋ ਗਿਆ ਹੈ ਅਤੇ ਜਿਸ ਦੀ ਜ਼ਮੀਨ ਐਕਵਾਇਰ ਕਰਨ ਦੇ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਪੁੱਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਉਠਾਉਣਗੇ ਅਤੇ ਭਵਿੱਖ ਵਿੱਚ ਵੀ ਉਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।

ਇਸ ਮੌਕੇ ਮਕੌੜਾ ਪੱਤਣ ਤੋਂ ਪਾਰ ਪਿੰਡ ਤੂਰ ਦੇ ਸਰਪੰਚ ਗੁਰਨਾਮ ਸਿੰਘ, ਸਰਪੰਚ ਭਰਿਆਲ ਸ. ਰੂਪ ਸਿੰਘ, ਹਰਮੇਸ਼ ਸਿੰਘ ਰਾਜਪੁਰ ਚੇਬੇ ਸਮੇਤ ਇਲਾਕੇ ਦੇ ਲੋਕਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਬੇੜੀ ਦੇਣ ਲਈ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *