ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ

ਗੁਰਦਾਸਪੁਰ ਪੰਜਾਬ ਮਾਝਾ

ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਚੁਕਾਇਆ

ਗੁਰਦਾਸਪੁਰ, 7 ਅਗਸਤ (DamanPreet singh) – ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫ਼ਿਕ ਤੇ ਸੜਕ ਸੁਰੱਖਿਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਐੱਸ.ਪੀ ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਦੀ ਅਗਵਾਈ ਹੇਠ ਜ਼ਿਲ੍ਹਾ ਟਰੈਫ਼ਿਕ ਪੁਲਿਸ ਵੱਲੋਂ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਜਨਤਕ ਥਾਵਾਂ ਉੱਪਰ ਲਗਾਤਾਰ ਸੈਮੀਨਾਰਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਸਰਕਾਰੀ ਕਾਲਜ ਰੋਡ ਗੁਰਦਾਸਪੁਰ ਵਿਖੇ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।

ਇੰਚਾਰਜ ਟਰੈਫ਼ਿਕ ਐੱਸ.ਆਈ. ਸ੍ਰੀ ਅਜੇ ਕੁਮਾਰ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸੜਕ ਹਾਦਸਿਆਂ ਦੀ ਵਧ ਰਹੀ ਦਰ ਚਿੰਤਾ ਦਾ ਵਿਸ਼ਾ ਹੈ ਅਤੇ ਬਹੁਤੇ ਮਾਮਲਿਆਂ ਵਿੱਚ ਅਜਿਹਾ ਅਣਗਹਿਲੀ ਨਾਲ ਵਾਹਨ ਚਲਾਉਣ ਕਾਰਨ ਵਾਪਰਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਕੋਈ ਵੀ ਵਾਹਨ ਨਹੀਂ ਚਲਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਾਬਾਲਗ ਬੱਚਾ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਂਦਾ ਹੈ ਤਾਂ ਉਸ ਵਾਹਨ ਦਾ ਚਲਾਨ ਹੋਣ ਦੇ ਨਾਲ ਉਸਦੇ ਮਾਪਿਆਂ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਦੇ ਹੈਲਪ ਲਾਈਨ ਨੰਬਰ 112 ਅਤੇ 1930 ਬਾਰੇ ਵੀ ਜਾਣਕਾਰੀ ਦਿੱਤੀ ਅਤੇ ਜ਼ਰੂਰਤ ਪੈਣ ਤੇ ਇਹਨਾਂ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਕਰਨ ਬਾਰੇ ਸੁਚੇਤ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਚੁਕਾਇਆ। ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਵੀ ਪ੍ਰੇਰਿਤ ਕੀਤਾ ਗਿਆ।

ਜਾਗਰੂਕਤਾ ਅਭਿਆਨ ਦੌਰਾਨ ਏ.ਐੱਸ.ਆਈ ਅਮਨਦੀਪ ਸਿੰਘ, ਸੁਭਾਸ਼ ਚੰਦਰ, ਹਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਆਵਾਜਾਈ ਨਿਯਮਾਂ ਬਾਰੇ ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ।

Leave a Reply

Your email address will not be published. Required fields are marked *