ਦੀਨਾਨਗਰ ਹਲਕੇ ਅੰਦਰ ਤੀਜੇ ਗੇੜ ਦੇ ਰੋਡ ਸ਼ੋਅ ਦਾ ਥਾਂ ਥਾਂ ਭਰਵਾਂ ਸਵਾਗਤ
ਦੀਨਾਨਗਰ- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਤੀਜੇ ਗੇੜ ਦਾ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਦੀਨਾਨਗਰ ਦੇ ਕੋਠੇ ਪੰਜਾਬ ਸਿੰਘ ਤੋਂ ਸ਼ੁਰੂ ਹੋ ਕੇ ਅਵਾਂਖਾ, ਕੈਰੇ, ਮਰਾੜਾ, ਗਾਹਲੜੀ ਅਤੇ ਸੁਲਤਾਨੀ ਆਦਿ ਤੋਂ ਹੁੰਦਾ ਹੋਇਆ ਦੇਰ ਸ਼ਾਮ ਬਹਿਰਾਮਪੁਰ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀ ਉਹਨਾਂ ਦੇ ਨਾਲ ਰਹੇ।
ਪਿੰਡ ਅਵਾਂਖਾ ਵਿਖੇ ਬਲਾਕ ਪ੍ਰਧਾਨ ਪ੍ਰਦੀਪ ਠਾਕੁਰ ਦੀ ਅਗਵਾਈ ਹੇਠ ਲੋਕਾਂ ਵੱਲੋਂ ਰੋਡ ਸ਼ੋਅ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪ ਉਮੀਦਵਾਰ ਸ਼ੈਰੀ ਕਲਸੀ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ ਅਤੇ ਇਹ ਪਿਆਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਲੋਕ ਹਿੱਤਾਂ ਲਈ ਕੀਤੇ ਗਏ ਕੰਮਾਂ ਸਦਕਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹਰ ਇੱਕ ਤਬਕੇ ਦੀ ਸੁੱਧ ਲੈਣ ਵਾਲੇ, ਬਿਜਲੀ ਫਰੀ ਕਰਨ ਵਾਲੇ, ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਵਾਧੂ ਬਿਜਲੀ ਸਪਲਾਈ ਦੇਣ ਵਾਲੇ, ਸਿਹਤ ਸਹੂਲਤਾਂ ਦੇਣ ਵਾਲੇ ਅਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ।
ਉਹਨਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਜਿੰਨੇ ਮਰਜੀ ਡਿਪਟੀ ਸੀਐਮ ਆ ਜਾਣ ਭਾਵੇਂ ਮੰਤਰੀ ਆ ਜਾਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਆਮ ਆਦਮੀ ਪਾਰਟੀ ਇੱਥੋਂ ਵੱਡੀ ਲੀਡ ਦੇ ਨਾਲ ਜਿੱਤੇਗੀ। ਕੈਰੇ, ਮਰਾੜਾ ਅਤੇ ਗਾਹਲੜੀ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਮਗਰਲੇ ਇਕ ਦਹਾਕੇ ਤੋਂ ਦੇਸ਼ ਤੇ ਰਾਜ ਕਰਨ ਵਾਲੀ ਮੋਦੀ ਸਰਕਾਰ ਵੱਲੋਂ ਗਰੀਬਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਅੰਬਾਨੀਆਂ ਅਡਾਨੀਆਂ ਦੇ ਕਰਜੇ ਮੁਆਫ ਕੀਤੇ ਗਏ ਹਨ। ਇਸ ਲਈ ਲੋਕ ਹੁਣ ਇੰਡੀਆ ਅਲਾਇੰਸ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ ਨਾ ਕਿ ਦੇਸ਼ ਦਾ ਖਜ਼ਾਨਾ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਵਾਲੇ ਲੋਕਾਂ ਨੂੰ। ਉਹਨਾਂ ਕਿਹਾ ਕਿ ਲੋਕ ਸਿਆਣੇ ਹਨ ਅਤੇ ਉਹਨਾਂ ਨੇ ਇਹਨਾਂ 75 ਸਾਲਾਂ ਦੇ ਵਿੱਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਕਾਰਜਕਾਲ ਨੂੰ ਦੇਖਿਆ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਤਰੱਕੀ ਤੇ ਜਾਂਦੇ ਹੋਏ ਵੀ ਦੇਖ ਰਹੇ ਹਨ, ਸੋ ਲੋਕ ਇਹਨਾਂ ਚੋਣਾਂ ਦੇ ਵਿੱਚ ਆਪਣਾ ਫੈਸਲਾ ਦੇਣਗੇ।
ਤਸਵੀਰ–ਰੋਡ ਸ਼ੋਅ ਦੌਰਾਨ ਦੀਨਾਨਗਰ ਦੇ ਪਿੰਡ ਅਵਾਂਖਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਆਪ ਉਮੀਦਵਾਰ ਸ਼ੈਰੀ ਕਲਸੀ ਅਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ।