ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ (ਫਿਸ਼ ਪਾਰਕ) ਦੀ ਸਾਂਭ-ਸੰਭਾਲ ਹੁਣ ਨਗਰ ਸੁਧਾਰ ਟਰੱਸਟ ਕਰੇਗੀ

ਗੁਰਦਾਸਪੁਰ ਪੰਜਾਬ ਮਾਝਾ

ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ ਨੂੰ ਨਵੀਂ ਤੇ ਖ਼ੂਬਸੂਰਤ ਦਿੱਖ ਦਿੱਤੀ ਜਾਵੇਗੀ – ਚੇਅਰਮੈਨ ਰਮਨ ਬਹਿਲ

ਸ਼ਹੀਦ ਦੇ ਨਾਮ ਉੱਪਰ ਬਣੀ ਇਹ ਪਾਰਕ ਗੁਰਦਾਸਪੁਰ ਦੀ ਪਹਿਚਾਣ ਬਣੇਗੀ – ਚੇਅਰਮੈਨ ਰਾਜੀਵ ਸ਼ਰਮਾਂ

ਗੁਰਦਾਸਪੁਰ, 28 ਅਗਸਤ (DamanPreet singh) – ਗੁਰਦਾਸਪੁਰ ਸ਼ਹਿਰ ਵਿੱਚ ਸਥਿਤ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ (ਫਿਸ਼ ਪਾਰਕ) ਦੀ ਦੇਖ-ਰੇਖ ਅਤੇ ਸਾਂਭ-ਸੰਭਾਲ ਹੁਣ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਪਾਰਕ ਦੀ ਸੰਭਾਲ ਦਾ ਜ਼ਿੰਮਾ ਨਗਰ ਕੌਂਸਲ ਗੁਰਦਾਸਪੁਰ ਕੋਲ ਸੀ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਦੀਆਂ ਕੋਸ਼ਿਸ਼ਾਂ ਸਦਕਾ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੇ ਇਸ ਪਾਰਕ ਨੂੰ ਆਪਣੇ ਅਧੀਨ ਲੈ ਕੇ ਇਸਨੂੰ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਹੈ।

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ ਦਾ ਦੌਰਾ ਕਰਨ ਤੋਂ ਬਾਅਦ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪਾਰਕ ਨੂੰ ਖੂਬਸੂਰਤ ਬਣਾਇਆ ਜਾਵੇਗਾ ਅਤੇ ਇਸਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਵਿਕਾਸ ਦੇ ਕੰਮ ਹੋਣ ਵਾਲੇ ਸਨ ਅਤੇ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਇਸ ਪਾਰਕ ਦੀ ਹਾਲਤ ਸੁਧਾਰੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਪਾਰਕ ਦੇ ਸਰਬਪੱਖੀ ਵਿਕਾਸ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਈ.ਓ. ਨੇ ਲਿਖਤੀ ਤੌਰ `ਤੇ ਇਹ ਸਹਿਮਤੀ ਦੇ ਦਿੱਤੀ ਹੈ ਕਿ ਹੁਣ ਇਸ ਪਾਰਕ ਦੀ ਦੇਖ-ਰੇਖ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਕੀਤੀ ਜਾਵੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਪਾਰਕ ਵਿੱਚ ਸਿਵਲ ਵਰਕ ਕਰਨ ਦੇ ਨਾਲ ਓਥੇ ਵੱਖ-ਵੱਖ ਕਿਸਮਾਂ ਦੇ ਫੁੱਲ ਅਤੇ ਬੂਟੇ ਲਗਾਏ ਜਾਣਗੇ ਤਾਂ ਜੋ ਇਸਨੂੰ ਇੱਕ ਖੂਬਸੂਰਤ ਸੈਰਗਾਹ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਆਪਣੇ ਫੰਡਾਂ ਨਾਲ ਹੁਣ ਇਸ ਪਾਰਕ ਦੀ ਦੇਖ-ਰੇਖ ਕੀਤੀ ਜਾਵੇਗੀ।

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਸ਼ਹੀਦ ਮੇਜਰ ਬਲਵਿੰਦਰ ਸਿੰਘ ਦੇ ਨਾਮ `ਤੇ ਬਣੀ ਇਸ ਪਾਰਕ ਨੂੰ ਖੂਬਸੂਰਤ ਬਣਾਇਆ ਜਾਵੇਗਾ ਅਤੇ ਇਹ ਪਾਰਕ ਹੁਣ ਗੁਰਦਾਸਪੁਰ ਸ਼ਹਿਰ ਦੀ ਪਛਾਣ ਬਣੇਗੀ। ਉਨ੍ਹਾਂ ਕਿਹਾ ਕਿ ਪਾਰਕ ਦੀ ਦੇਖ-ਰੇਖ ਵਿੱਚ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।

ਇਸੇ ਦੌਰਾਨ ਗੁਰਦਾਸਪੁਰ ਦੇ ਵਾਸੀਆਂ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ ਇੱਕ ਵਾਰ ਫਿਰ ਸ਼ਹਿਰ ਵਾਸੀਆਂ ਦੀ ਮਨ-ਪਸੰਦ ਸ਼ੈਰਗਾਹ ਬਣੇਗੀ।

Leave a Reply

Your email address will not be published. Required fields are marked *