ਗੁਰਦਾਸਪੁਰ,4 ਸਤੰਬਰ (DamanPreet singh)-ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫਤ ਸਕਿੱਲ ਟ੍ਰੇਨਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ।
ਐਸਐਸਪੀ ਗੁਰਦਾਸਪੁਰ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਤਮ ਨਿਰਭਰ ਬਣਨ ਲਈ ਮੁਫਤ ਸਕਿੱਲ ਟ੍ਰੇਨਿੰਗ ਹਾਸਲ ਕਰਕੇ ਆਪਣੀ ਖੁਸ਼ਹਾਲ ਜਿੰਦਗੀ ਬਸਰ ਕਰ ਸਕਦੇ ਹਨ। ਉਨ੍ਹਾਂ ਨਸ਼ੇ ਵਰਗੀ ਭੈੜੀ ਅਲਾਮਤ ਨੂੰ ਛੱਡ ਚੁੱਕੇ ਨੌਜਵਾਨਾਂ ਨੂੰ ਮੁਫਤ ਸਕਿਲ ਸਿਖਲਾਈ ਦਾ ਲਾਹਾ ਦੇਣ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਹਾਜਰ ਹੋਣ ਵਾਲੇ ਅਧਿਕਾਰੀਆਂ ਵੱਲੋਂ ਆਪਣੇ ਵਿਭਾਗਾਂ ਵਿੱਚ ਚਲ ਰਹੀਆਂ ਸਕੀਮਾਂ ਦੇ ਬਾਰੇ ਨਸ਼ਾ ਛੱਡ ਚੁੱਕੇ ਨੋਜਵਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਨਸ਼ਾ ਛੱਡ ਚੁੱਕੇ ਨੋਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡਣ ਵਾਲੇ ਨੋਜਵਾਨਾਂ ਨੂੰ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ , ਗੁਰਦਾਸਪੁਰ ਵੱਲੋਂ ਮੁਫਤ ਸਕਿੱਲ ਕੋਰਸ ਕਰਵਾਏ ਜਾਣਗੇ। ਜਿਹੜੇ ਨੋਜਵਾਨ ਸਕਿੱਲ ਕੋਰਸ ਕਰਨ ਦੇ ਚਾਹਵਾਣ ਹੈ ਉਹਨਾਂ ਨੂੰ ਸਰਕਾਰ ਵੱਲੋਂ ਮੁਫਤ ਟ੍ਰੇਨਿੰਗ ਖਾਣਾ, ਰਹਿਣ-ਸਹਿਣ ਅਤੇ ਆਣ-ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ ਅਤੇ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਪਾਸ ਹੋਣ ਵਾਲੇ ਨੋਜਵਾਨਾਂ ਨੂੰ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਸਰਟੀਫੀਕੇਟ ਵੀ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਵੱਲੋਂ ਜਿਲ੍ਹਾ ਗੁਰਦਾਸਪੁਰ ਦੇ ਚਾਹਵਾਣ ਨੌਜਵਾਨਾਂ ਨੂੰ ਆਰਮਡ ਫੋਰਸ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਫਿਜਿਕਲ ਟ੍ਰੇਨਿੰਗ ਅਤੇ ਲਿਖਿਤ ਪ੍ਰਿਖਿਆ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਚਾਹਵਾਣ ਉਮੀਦਵਾਰ ਸੀ-ਪਾਈਟ ਸੈਂਟਰ ਡੇਰਾ ਬਾਬਾ ਨਾਨਕ ਵਿਖੇ ਆਪਣਾ ਨਾਮ ਦਰਜ ਕਰਵਾ ਸਕਦੇ ਹੈ।
ਇਸ ਤੋਂ ਇਲਾਵਾ ਪੇਂਡੂ ਸਵੈ ਰੋਜਗਾਰ ਟ੍ਰੇਨਿੰਗ ਸੈਂਟਰ ਗੁਰਦਾਸੁਪਰ ਪੰਜਾਬ ਨੇਸ਼ਨਲ ਬੈਂਕ ਵੱਲੋਂ ਨੋਜਵਾਨਾਂ ਨੂੰ ਮੁਫਤ ਸਵੈ ਰੋਜਗਾਰ ਦੇ ਸਬੰਧ ਵਿੱਚ ਟ੍ਰੇਨਿੰਗ ਜੇਲ ਰੋਡ ਗੁਰਦਾਸਪੁਰ ਵਿਖੇ ਦਿੱਤੀ ਜਾਂਦੀ ਹੈ । ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਨੋਜਵਾਨ ਸਵੈ ਰੋਜਗਾਰ ਦਾ ਕੰਮ ਸ਼ੁਰੂ ਕਰ ਸਕਦਾ ਹੈ। ਕੋਰਸ ਨੂੰ ਕਰਨ ਲਈ ਨੋਜਵਾਨ ਦੀ ਉਮਰ 18 ਤੋਂ 45 ਸਾਲ , ਵਿਦਿਅਕ ਯੋਗਤਾ ਅੱਠਵੀਂ ਪਾਸ ਅਤੇ ਜਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੋਣਾ ਚਾਹੀਦਾ ਹੈ। ਇਹ ਟ੍ਰੇਨਿੰਗ 10 ਤੋਂ 30 ਦਿਨਾਂ ਦੀ ਹੁੰਦੀ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਚਾਂਦ ਠਾਕੁਰ,ਬੀ.ਐਮ.ਐਮ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਦੱਸਿਆ ਗਿਆ ਕਿ ਸਕਿੱਲ ਕੋਰਸ ਕਰਨ ਤੋਂ ਬਾਅਦ ਨਸ਼ਾ ਛੱਡ ਚੁੱਕੇ ਨੋਜਵਾਨ ਆਪਣਾ ਸਵੈ ਰੋਜਗਾਰ ਦਾ ਕੰਮ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਦੇ ਹਨ । ਜਿਹੜੇ ਨੋਜਵਾਨ ਮੁਫਤ ਸਕਿੱਲ ਦਾ ਕੋਰਸ ਕਰਨਾ ਚਾਹੁੰਦੇ ਹਨ ਉਹ ਸਾਰੇ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਦੇ ਹੈਲਪਲਾਈਨ ਨੰ: 9478727217 ਤੇ ਸਪੰਰਕ ਕਰ ਸਕਦੇ ਹਨ।