ਗੁਰਦਾਸਪੁਰ, 26 ਅਕਤੂਬਰ (DamanPreet singh) ਪਰਾਲੀ ਨਾ ਸਾੜਨ ਦਾ ਹੋਕਾ ਦੇਣ ਲਈ ਆਨੰਦ ਮਾਡਰਨ ਸੀਨੀ. ਸੈਕੰ. ਸਕੂਲ ਗੁਰਦਾਸਪੁਰ ਤੋ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਜਾਗਰੂਕ ਕੀਤਾ।
ਇਸ ਸਬੰਧੀ ਗੱਲ ਕਰਦਿਆਂ ਨੈਸ਼ਨਲ ਐਵਾਰਡੀ, ਰੋਮੇਸ਼ ਮਹਾਜਨ ਅਤੇ ਉਨ੍ਹਾਂ ਦੀ ਟੀਮ ਨੇ ਪ੍ਰਦੂਸ਼ਣ ਕਾਰਨ ਮਨੁੱਖੀ ਸਿਹਤ ‘ਤੇ ਇਸ ਦੇ ਪ੍ਰਭਾਵਾਂ ‘ਤੇ ਵਧੇਰੇ ਜ਼ੋਰ ਦਿੰਦੇ ਹੋਏ ਪਰਾਲੀ ਸਾੜਨ ਦੀ ਰੋਕਥਾਮ ਬਾਰੇ ਸੰਖੇਪ ਲੈਕਚਰ ਦਿੱਤਾ।
ਉਨ੍ਹਾਂ ਇਹ ਵੀ ਪ੍ਰੇਰਿਆ ਕਿ ਪਰਾਲੀ ਸਾੜਨ ਨਾਲ ਮਨੁੱਖਾਂ ਨੂੰ ਕਈ ਖਤਰਨਾਕ ਬਿਮਾਰੀਆਂ ਲੱਗ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਚੋਣ ਇਸ ਲਈ ਕੀਤੀ ਗਈ ਕਿਉਂਕਿ ਇਸ ਸਕੂਲ ਵਿੱਚ ਜ਼ਿਆਦਾਤਰ ਵਿਦਿਆਰਥੀ ਪਿੰਡਾਂ ਨਾਲ ਸਬੰਧਤ ਹਨ। ਇਹ ਰੈਲੀ ਸਕੂਲ ਤੋਂ 1 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਦੀ ਹੋਈ ਵਾਤਾਵਰਣ ਦੀ ਰੋਕਥਾਮ ਸਬੰਧੀ ਬਹੁਤ ਹੀ ਢੁੱਕਵੇਂ ਨਾਅਰੇ ਲਾਉਂਦੀ ਹੋਈ ਅਤੇ ਪਰਾਲੀ ਸਾੜਨ ਵਿਰੁੱਧ ਸਖ਼ਤ ਸੰਦੇਸ਼ ਹੋਈ ਨਿਕਲੀ।
ਉਨ੍ਹਾਂ ਦੱਸਿਆ ਕਿ ਜਿਥੇ ਜਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਵਿੱਢੀ ਹੈ, ਇਸ ਲਈ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਪਰਾਲੀ ਸਾੜਨ ਦੀ ਪ੍ਰਥਾ ਨੂੰ ਖਤਮ ਕਰਨ ਲਈ ਅੱਗੇ ਆਈਏ।
ਇਸ ਮੌਕੇ, ਉਨ੍ਹਾਂ ਵਰੁਣ ਅਨੰਦ ਪ੍ਰਿੰਸੀਪਲ ਦਾ ਇਸ ਰੈਲੀ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ।