ਭਾਰਤੀ ਫ਼ੌਜ ਵਿੱਚ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ 12 ਮਾਰਚ ਤੋਂ 10 ਅਪ੍ਰੈਲ 2025 ਤੱਕ ਜਾਰੀ ਰਹੇਗੀ

ਗੁਰਦਾਸਪੁਰ ਪੰਜਾਬ

ਗੁਰਦਾਸਪੁਰ, 10 ਮਾਰਚ (DamanPreet singh) – ਸਾਲ 2025-26 ਲਈ ਭਾਰਤੀ ਫ਼ੌਜ ਵਿੱਚ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ 12 ਮਾਰਚ 2025 ਤੋਂ ਸ਼ੁਰੂ ਹੋ ਰਹੀ ਹੈ ਜੋ 10 ਅਪ੍ਰੈਲ 2025 ਤੱਕ ਜਾਰੀ ਰਹੇਗੀ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਾਰੇ ਯੋਗ ਅਣਵਿਆਹੇ ਪੁਰਸ਼/ਔਰਤ ਉਮੀਦਵਾਰ ਜੋ 171/2 ਤੋਂ 21 ਸਾਲ (01 ਅਕਤੂਬਰ 2004 ਤੋਂ 01 ਅਪ੍ਰੈਲ 2008 ਦੋਵੇਂ ਦਿਨ ਸ਼ਾਮਲ) ਦੀ ਉਮਰ ਦੇ ਵਿਚਕਾਰ ਹਨ, ਉਹ (joinindianarmy.nic.in) ਵੈੱਬਸਾਈਟ ਰਾਹੀਂ ਔਨਲਾਈਨ ਅਰਜ਼ੀ ਦੇ ਸਕਦੇ ਹਨ।

ਸੈਨਾ ਭਰਤੀ ਬੋਰਡ, ਅੰਮ੍ਰਿਤਸਰ ਦੇ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਪਥ ਸਕੀਮ ਅਧੀਨ ਉਮੀਦਵਾਰ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ, ਅਗਨੀਵੀਰ ਟਰੇਡਸਮੈਨ 10ਵੀਂ ਪਾਸ, ਅਗਨੀਵੀਰ ਟਰੇਡਸਮੈਨ 8ਵੀਂ ਪਾਸ ਅਤੇ ਅਗਨੀਵੀਰ ਮਹਿਲਾ ਮਿਲਟਰੀ ਪੁਲਿਸ (AVWMP – ਸਿਰਫ਼ ਔਰਤਾਂ) ਵਰਗੀਆਂ ਸ਼੍ਰੇਣੀਆਂ ਵਿੱਚ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਸੋਲਜਰ ਟੈਕ ਨਰਸਿੰਗ ਅਸਿਸਟੈਂਟ, ਸਿਪਾਹੀ ਫਾਰਮਾ, ਧਾਰਮਿਕ ਅਧਿਆਪਕ, ਹਵਲਦਾਰ (ਸਰਵੇਖਣ ਆਟੋਮੇਟਿਡ ਕਾਰਟੋਗ੍ਰਾਫਰ), ਜੇਸੀਓ (ਕੈਟਰਿੰਗ) ਅਤੇ ਹਵਲਦਾਰ ਸਿੱਖਿਆ ਵਰਗੀਆਂ ਨਿਯਮਤ ਸ਼੍ਰੇਣੀਆਂ ਲਈ ਵੀ ਅਰਜ਼ੀ ਦੇ ਸਕਦੇ ਹਨ, ਜਿਨ੍ਹਾਂ ਦੇ ਹੋਰ ਵੇਰਵੇ ਉੱਪਰ ਦੱਸੀ ਗਈ ਵੈੱਬਸਾਈਟ ‘ਤੇ ਉਪਲਬਧ ਹਨ।

ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਲਈ ਅੱਗੇ ਵਧਣ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਕਰਨ ਅਤੇ ਤਰਜੀਹੀ ਤੌਰ ‘ਤੇ ਡਿਜੀ ਲਾਕਰ ਖਾਤਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਮੌਜੂਦਾ ਸਾਲ ਤੋਂ, ਔਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ (CEE) ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਲਈ ਜਾ ਰਹੀ ਹੈ। ਸੀ.ਈ.ਈ. ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਸਰੀਰਕ ਰੈਲੀ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਜਾਵੇਗਾ। ਰਨ ਟੈੱਸਟ ਵਿੱਚ ਇੱਕ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ ਜਿਸ ਵਿੱਚ ਪਾਸ ਸਮਾਂ 6 ਮਿੰਟ 15 ਸਕਿੰਟ ਤੱਕ ਵਧਾ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ ਲਈ ਟਾਈਪਿੰਗ ਟੈੱਸਟ ਔਨਲਾਈਨ ਸੀਈਈ ਦੌਰਾਨ ਲਿਆ ਜਾਵੇਗਾ ਜਿੱਥੇ ਟੈੱਸਟ ਦੌਰਾਨ ਅੰਗਰੇਜ਼ੀ ਵਿੱਚ ਪ੍ਰਤੀ ਮਿੰਟ 30 ਸ਼ਬਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟੈੱਸਟ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰੀ ਅਭਿਆਸ ਕਰਨ।

Leave a Reply

Your email address will not be published. Required fields are marked *