ਗੁਰਦਾਸਪੁਰ,ਪਠਾਨਕੋਟ, 27 ਫਰਵਰੀ 2023
(ਸੁਸ਼ੀਲ ਕੁਮਾਰ ਬਰਨਾਲਾ,ਸੋਹਨ ਲਾਲ)

ਪਠਾਨਕੋਟ ਪੁਲਿਸ ਨੇ ਯੁਵਾ ਵਿਕਾਸ ਮੰਚ ਅਤੇ ਪ੍ਰੈਜ਼ੈਂਟੇਸ਼ਨ ਸਕੂਲ ਪਠਾਨਕੋਟ ਦੇ ਸਹਿਯੋਗ ਨਾਲ ‘ਯੂ ਸ਼ੇਅਰ ਵੀ ਕੇਅਰ’ ਮੁਹਿੰਮ ਸ਼ੁਰੂ ਕਰਕੇ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਇਸ ਮੁਹਿੰਮ ਦਾ ਉਦੇਸ਼ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨਸ਼ਾ ਮੁਕਤ ਸਮਾਜ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਮੁਹਿੰਮ ਤਹਿਤ ਐਸ.ਐਸ.ਪੀ ਪਠਾਨਕੋਟ ਨੇ ਐਸ.ਪੀ./ਡੀ.ਐਸ.ਪੀ ਪਠਾਨਕੋਟ ਦੇ ਨਾਲ ਯੁਵਾ ਵਿਕਾਸ ਮੰਚ ਵੱਲੋਂ ਨਸ਼ਿਆਂ ਵਿਰੁੱਧ ਇੱਕ ਫਿਲਮ ਦੀ ਸਕਰੀਨਿੰਗ ਵਿੱਚ ਸ਼ਿਰਕਤ ਕੀਤੀ ਹੈ। ਇਹ ਸਮਾਗਮ ਪ੍ਰਤਿਸ਼ਾ ਸਕੂਲ ਪਠਾਨਕੋਟ ਵਿਖੇ ਕਰਵਾਇਆ ਗਿਆ ਅਤੇ ਸੈਂਕੜੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ ਹੈ।
ਇਸ ਮੌਕੇ ਐਸ.ਐਸ.ਪੀ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ ਨੇ ਸੰਬੋਧਨ ਕਰਦਿਆਂ ਇਲਾਕੇ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਗੰਭੀਰਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਹੰਭਲਾ ਮਾਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਖ਼ਤਰੇ ਨਾਲ ਨਜਿੱਠਣ ਲਈ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਇੱਕ ਸੁਰੱਖਿਅਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਪਠਾਨਕੋਟ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ।
‘ਯੂ ਸ਼ੇਅਰ ਵੀ ਕੇਅਰ’ ਮੁਹਿੰਮ ਨੂੰ ਜ਼ਿਲੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਲਿਜਾਇਆ ਜਾਵੇਗਾ, ਜਿਸ ਦਾ ਉਦੇਸ਼ ਵਿਆਪਕ ਪ੍ਰਭਾਵ ਪੈਦਾ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਹੈ। ਇਸ ਪਹਿਲਕਦਮੀ ਨੂੰ ਵਿਦਿਆਰਥੀਆਂ, ਜਨਤਾ ਵੱਲੋਂ ਪਹਿਲਾਂ ਹੀ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ ਅਤੇ ਪਠਾਨਕੋਟ ਪੁਲਿਸ ਇਸ ਮੁਹਿੰਮ ਦੀ ਸਫ਼ਲਤਾ ਲਈ ਆਸ਼ਾਵਾਦੀ ਹੈ।
ਪਠਾਨਕੋਟ ਪੁਲਿਸ ਨੇ ਭਾਈਚਾਰੇ ਨੂੰ ਅੱਗੇ ਆਉਣ ਅਤੇ ਇਸ ਨੇਕ ਕਾਰਜ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅਸੀਂ ਇਕੱਠੇ ਮਿਲ ਕੇ ਬਦਲਾਅ ਲਿਆ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਮਾਹੌਲ ਸਿਰਜ ਸਕਦੇ ਹਾਂ।

