





ਸਾਲ ਵਿੱਚ ਦੋ ਵਾਰ ਮਿਡ ਡੇਅ ਮੀਲ ਵਰਕਰਾਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ
ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਕਮਿਸ਼ਨ ਦੇ ਸ਼ਿਕਾਇਤ ਨੰਬਰ ਅਤੇ ਬਕਸੇ ਲਗਾਉਣ ਦੇ ਨਿਰਦੇਸ਼
ਕੌਮੀ ਅੰਨ ਸੁਰੱਖਿਆ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਆਂਗਣਵਾੜੀਆਂ ਅਤੇ ਸਕੂਲਾਂ ਦਾ ਦੌਰਾ ਕੀਤਾ
ਗੁਰਦਾਸਪੁਰ, 19 ਮਈ ( Damanpreet singh) – ਕੌਮੀ ਅੰਨ ਸੁਰੱਖਿਆ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਵੱਲੋਂ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਸ਼ੇਖਪੁਰ, ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਹਰਦੋ ਝੰਡੇ ਸਕੂਲਾਂ ਅਤੇ ਪਿੰਡ ਹਰਦੋ ਝੰਡੇ ਦੇ ਤਿੰਨ ਆਂਗਨਵਾੜੀ ਕੇਂਦਰਾਂ ਦਾ ਅਚਨਚੇਤ ਦੌਰਾ ਕਰਕੇ ਓਥੇ ਬੱਚਿਆਂ ਨੂੰ ਮਿਲ ਰਹੇ ਦੁਪਹਿਰ ਦੇ ਖਾਣੇ ਦੀ ਕੁਆਲਟੀ, ਅਨਾਜ ਦੇ ਭੰਡਾਰਨ, ਸਫ਼ਾਈ ਅਤੇ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ ਗਿਆ।
ਚੈਕਿੰਗ ਦੌਰਾਨ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਦੇਖਿਆ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ੇਖਪੁਰ ਵਿੱਚ ਬੱਚਿਆਂ ਲਈ ਜੋ ਖਾਣਾ ਤਿਆਰ ਕੀਤਾ ਜਾਂਦਾ ਹੈ ਉਸ ਵਿੱਚ ਆਟਾ ਸਹੀ ਕੁਆਲਟੀ ਦਾ ਨਹੀਂ ਸੀ। ਇਸ ਤੋਂ ਇਲਾਵਾ ਮਿਡ ਡੇਅ ਮੀਲ ਦਾ ਰਜਿਸਟਰ ਮੇਨਟੇਨ ਨਹੀਂ ਸੀ। ਇਸ ਤੋਂ ਬਾਅਦ ਮੈਂਬਰ ਸ੍ਰੀ ਵਿਜੇ ਦੱਤ ਵੱਲੋਂ ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਹਰਦੋ ਝੰਡੇ ਸਕੂਲਾਂ ਅਤੇ ਪਿੰਡ ਹਰਦੋ ਝੰਡੇ ਦੇ ਤਿੰਨ ਆਂਗਨਵਾੜੀ ਕੇਂਦਰਾਂ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਸਾਹਮਣੇ ਆਈਆਂ ਊਣਤਾਈਆਂ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਿਡ ਡੇਅ ਮੀਲ ਰਸੋਈਆਂ ਵਿੱਚ ਸਫ਼ਾਈ ਦਾ ਪੂਰਾ ਧਿਆਨ ਰੱਖਣ।
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰੇਕ ਸਕੂਲ ਵਿੱਚ ਮਿਡ ਡੇ ਮੀਲ ਸਵਾਦ/ਗੁਣਵੱਤਾ ਦੇ ਰਜਿਸਟਰ ਲਾ ਕੇ ਰੱਖਣ, ਜਿਸ ਵਿੱਚ ਰੋਜ਼ਾਨਾ ਮਿਡ ਡੇਅ ਮੀਲ ਨੂੰ ਚੱਖ ਕੇ ਦੇਖਣ ਵਾਲੇ ਸਬੰਧਤ ਵਿਅਕਤੀ ਦੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਬਾਰੇ ਟਿੱਪਣੀ/ਫੀਡਬੈਕ ਦਰਜ ਹੋਵੇ। ਇਹ ਵਿਅਕਤੀ ਸਕੂਲ ਅਧਿਆਪਕ, ਸਕੂਲ ਪ੍ਰਬੰਧਕ ਕਮੇਟੀ ਮੈਂਬਰ ਜਾਂ ਕਿਸੇ ਵਿਦਿਆਰਥੀ ਦੇ ਮਾਪੇ ਹੋ ਸਕਦੇ ਹਨ।
ਪਿੰਡ ਹਰਦੋ ਝੰਡੇ ਦੇ ਤਿੰਨ ਆਂਗਣਵਾੜੀ ਕੇਂਦਰਾਂ ਦੇ ਨਿਰੀਖਣ ਦੌਰਾਨ ਉਨ੍ਹਾਂ ਹਾਜ਼ਰ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਆਂਗਣਵਾੜੀ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮਿਆਰੀ ਖੁਰਾਕ ਯਕੀਨੀ ਬਣਾਉਣ। ਉਨ੍ਹਾਂ ਨੇ ਗਰਭਵਤੀ ਮਾਵਾਂ ਨੂੰ ਪ੍ਰਧਾਨ ਮੰਤਰੀ ਮਾਤਰੁਵੰਦਨਾ ਯੋਜਨਾ ਤਹਿਤ 5000 ਰੁਪਏ ਅਤੇ ਦੂਜੀ ਬੱਚੀ ਦੇ ਜਨਮ ਮੌਕੇ 6000 ਰੁਪਏ ਦੀ ਰਾਸ਼ੀ ਸਬੰਧੀ ਜਾਣਕਾਰੀ ਦੇਣ ’ਤੇ ਵੀ ਜ਼ੋਰ ਦਿੱਤਾ। ਇਸੇ ਤਰ੍ਹਾਂ ਬੀ.ਪੀ.ਐਲ ਪਰਿਵਾਰਾਂ ਦੇ ਲਾਭਪਾਤਰੀਆਂ ਨੂੰ ਵੀ ਜਣੇਪੇ ’ਤੇ 1000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਬਾਰੇ ਵੀ ਜਾਗਰੂਕ ਕੀਤਾ ਜਾਵੇ।
ਪੀ.ਐੱਸ.ਐੱਫ.ਸੀ. ਦੇ ਮੈਂਬਰ, ਵਿਜੇ ਦੱਤ ਨੇ ਨੈਸ਼ਨਲ ਫੂਡ ਸੇਫਟੀ ਐਕਟ ਅਧੀਨ ਸ਼ਿਕਾਇਤ ਦਰਜ ਕਰਵਾਉਣ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਸ਼ਿਕਾਇਤ ਨੰਬਰ 9876764545 ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਸ਼ਿਕਾਇਤ ਬਕਸੇ ਵੀ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰ ਛੇ ਮਹੀਨੇ ਬਾਅਦ ਮਿਡ ਡੇਅ ਮੀਲ ਵਰਕਰਾਂ ਦੀ ਸਿਹਤ ਜਾਂਚ ਕਰਵਾਈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਦੀ ਸਿਹਤ ਜਾਂਚ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ।