


ਬੱਸ ਯਾਤਰਾ ਰਾਹੀਂ ਤੀਰਥ ਅਸਥਾਨ ਨੈਣਾ ਦੇਵੀ, ਸ੍ਰੀ ਅਨੰਦਪੁਰ ਸਾਹਿਬ, ਜਵਾਲਾ ਜੀ ਅਤੇ ਚਿੰਤਪੁਰਨੀ ਦੇ ਦਰਸ਼ਨ ਕਰਨਗੀਆਂ ਸੰਗਤਾਂ
ਗੁਰਦਾਸਪੁਰ ਦੀ ਸੰਗਤ ਵੱਲੋਂ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ
ਗੁਰਦਾਸਪੁਰ, 13 ਦਸੰਬਰ (DamanPreet Singh) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੇ ਤਹਿਤ ਅੱਜ ਸਵੇਰੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਾਹੀਂ ਰਵਾਨਾ ਕੀਤਾ ਗਿਆ। ਤੀਰਥ ਅਸਥਾਨ ਨੈਣਾ ਦੇਵੀ, ਸ੍ਰੀ ਅਨੰਦਪੁਰ ਸਾਹਿਬ, ਜਵਾਲਾ ਜੀ ਅਤੇ ਚਿੰਤਪੁਰਨੀ ਦੇ ਦਰਸ਼ਨਾਂ ਲਈ ਜਾਣ ਵਾਲੀ ਇਸ ਬੱਸ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਰਵਿੰਦਰਪਾਲ ਸਿੰਘ ਸੰਧੂ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਜਿੰਦਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਬੱਸ ਨੂੰ ਹਰੀ ਝੰਡੀ ਦਿਖਾਈ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਅੱਜ 43 ਸ਼ਰਧਾਲੂਆਂ ਨੂੰ ਤੀਰਥ ਅਸਥਾਨ ਨੈਣਾ ਦੇਵੀ, ਸ੍ਰੀ ਅਨੰਦਪੁਰ ਸਾਹਿਬ, ਜਵਾਲਾ ਜੀ ਅਤੇ ਚਿੰਤਪੁਰਨੀ ਦੇ ਦਰਸ਼ਨਾਂ ਦੀ ਯਾਤਰਾ ਲਈ ਬੱਸ ਰਾਹੀਂ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਲਗਜ਼ਰੀ ਬੱਸ ਅੱਜ ਸਭ ਤੋਂ ਪਹਿਲਾਂ ਸ੍ਰੀ ਨੈਣਾ ਦੇਵੀ ਜਾਵੇਗੀ ਜਿਥੇ ਸ਼ਰਧਾਲੂ ਮਾਤਾ ਦੇ ਦਰਬਾਰ `ਚ ਮੱਥਾ ਟੇਕਣਗੇ। ਉਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਹੋਵੇਗਾ ਜਿਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਧਾਮਾ ਦੇ ਦਰਸ਼ਨ ਕਰਨ ਤੋਂ ਬਾਅਦ ਰਾਤ ਦਾ ਸਟੇਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਹੋਵੇਗਾ। ਸ੍ਰੀ ਬਹਿਲ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਬੱਸ ਯਾਤਰਾ ਸ੍ਰੀ ਜਵਾਲਾ ਜੀ ਅਤੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਾਮ ਨੂੰ ਗੁਰਦਾਸਪੁਰ ਵਿਖੇ ਵਾਪਸ ਆਵੇਗੀ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਆਉਣ-ਜਾਣ ਅਤੇ ਓਥੇ ਰਹਿਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਪੰਜਾਬ ਦੇ ਹਰੇਕ ਹਲਕੇ ਵਿੱਚੋਂ ਬੱਸਾਂ ਅਤੇ ਰੇਲ ਗੱਡੀਆਂ ਰਾਹੀਆਂ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ ਧਾਰਮਿਕ ਅਸਥਾਨਾਂ ਦੀ ਸ਼ਰਧਾਲੂਆਂ ਨੂੰ ਮੁਫ਼ਤ ਯਾਤਰਾ ਕਰਵਾਉਣ ਦੀ ਯੋਜਨਾ ਨੂੰ ਆਰੰਭਿਆ ਗਿਆ ਹੈ ਜਿਸ ਤਹਿਤ ਅੱਜ ਗੁਰਦਾਸਪੁਰ ਤੋਂ ਪਹਿਲੀ ਬੱਸ ਰਵਾਨਾ ਹੋਈ ਹੈ।
ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਆਰੰਭੀ ਗਈ ਇਸ ਯੋਜਨਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਅਗਾਂਹਵਧੂ ਉਪਰਾਲਾ ਹੈ ਜਿਸ ਨੂੰ ਸੂਬੇ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸੇ ਕਾਰਨਾਂ ਕਰਕੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ ਉਨ੍ਹਾਂ ਲਈ ਇਹ ਯੋਜਨਾ ਵਰਦਾਨ ਸਾਬਤ ਹੋਵੇਗੀ।