ਦਿਵਾਲੀ ਮੌਕੇ ਪਟਾਖੇ ਵੇਚਣ ਦੇ ਆਰਜ਼ੀ ਲਾਇਸੰਸਾਂ ਲਈ ਲੱਕੀ ਡਰਾਅ ਕੱਢੇ ਗਏ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ, 6 ਨਵੰਬਰ (DAMANPREET SINGH) – ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਗੁਰਦਾਸਪੁਰ ਵਿੱਚ ਦਿਵਾਲੀ ਦੇ ਤਿਉਹਾਰ ਦੇ ਮੌਕੇ ’ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਦੇ ਤਹਿਸੀਲ ਵਾਈਜ ਆਰਜ਼ੀ ਲਾਇਸੰਸਾਂ ਦੇ ਲੱਕੀ ਡਰਾਅ ਅੱਜ ਸ਼ਾਮ ਸਥਾਨਕ ਪੰਚਾਇਤ ਭਵਨ ਵਿਖੇ ਕੱਢੇ ਗਏ।

ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਅਤੇ ਲਾਇਸੰਸ ਅਪਲਾਈ ਕਰਨ ਵਾਲੇ ਦੁਕਾਨਦਾਰਾਂ ਦੀ ਹਾਜ਼ਰੀ ਵਿੱਚ ਪੂਰੀ ਪਾਰਦਰਸ਼ਤਾ ਨਾਲ ਲੱਕੀ ਡਰਾਅ ਕੱਢਣ ਦੀ ਪ੍ਰੀਕ੍ਰਿਆ ਨੂੰ ਨੇਪਰੇ ਚਾੜਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ੍ਰੀ ਅਸ਼ਵਨੀ ਅਰੋੜਾ, ਤਹਿਸੀਲਦਾਰ ਬਟਾਲਾ ਸ੍ਰੀ ਅਭਿਸ਼ੇਕ ਵਰਮਾਂ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਹਿਸੀਲ ਵਾਈਜ ਕੁੱਲ 20 ਆਰਜ਼ੀ ਲਾਇਸੰਸ ਦਿੱਤੇ ਜਾਣੇ ਹਨ, ਜਿਨ੍ਹਾਂ ਲਈ 151 ਅਰਜ਼ੀਆਂ ਆਈਆਂ ਸਨ। ਉਨ੍ਹਾਂ ਦੱਸਿਆ ਕਿ ਬਟਾਲਾ ਤਹਿਸੀਲ ਲਈ 6 ਆਰਜ਼ੀ ਲਾਇਸੰਸਾਂ ਲਈ ਸਭ ਤੋਂ ਵੱਧ 99 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿਚੋਂ 6 ਦਾ ਲੱਕੀ ਡਰਾਅ ਕੱਢਿਆ ਗਿਆ। ਦੀਨਾਨਗਰ ਤਹਿਸੀਲ ਲਈ 4 ਆਰਜ਼ੀ ਲਾਇਸੰਸਾਂ ਲਈ 43 ਅਰਜ਼ੀਆਂ ਆਈਆਂ ਸਨ, ਫ਼ਤਹਿਗੜ੍ਹ ਚੂੜੀਆਂ ਤਹਿਸੀਲ ਲਈ 3 ਆਰਜ਼ੀ ਲਾਇਸੰਸਾਂ ਲਈ 4 ਅਰਜ਼ੀਆਂ ਅਤੇ ਡੇਰਾ ਬਾਬਾ ਨਾਨਕ ਤਹਿਸੀਲ ਲਈ ਵੀ 3 ਆਰਜ਼ੀ ਲਾਇਸੰਸਾਂ ਲਈ 4 ਅਰਜ਼ੀਆਂ ਆਈਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਆਰਜ਼ੀ ਲਾਇਸੰਸਾਂ ਦਾ ਲੱਕੀ ਡਰਾਅ ਕੱਢਿਆ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਤਹਿਸੀਲ ਲਈ 4 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ ਜਿਸ ਲਈ 2 ਅਰਜ਼ੀਆਂ ਆਈਆਂ ਸਨ। ਉਨ੍ਹਾਂ ਕਿਹਾ ਕਿ 2 ਅਰਜ਼ੀਆਂ ਅਪਲਾਈ ਕਰਨ ਵਾਲੇ ਦੁਕਾਨਦਾਰਾਂ ਨੂੰ ਆਰਜ਼ੀ ਲਾਇਸੰਸਾਂ ਲਈ ਯੋਗ ਮੰਨਿਆ ਗਿਆ ਹੈ ਜਦਕਿ ਰਹਿ ਗਏ 2 ਆਰਜ਼ੀ ਲਾਇਸੰਸਾਂ ਸਬੰਧੀ ਵੀ ਜਲਦ ਫੈਸਲਾ ਲਿਆ ਜਾਵੇਗਾ। ਲੱਕੀ ਡਰਾਅ ਦੀ ਸਾਰੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਲੱਕੀ ਡਰਾਅ ਵਿੱਚ ਜੇਤੂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਦੀਵਾਲੀ ਮੌਕੇ ਪਟਾਖੇ ਵੇਚਣ/ਸਟੋਰ ਕਰਨ ਸਮੇਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵਚਨਬੱਧ ਹੋਣਗੇ।

Leave a Reply

Your email address will not be published. Required fields are marked *