

ਗੁਰਦਾਸਪੁਰ, 8 ਸਤੰਬਰ (DamanPreet singh) – ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਕੱਢਣ ਦੇ ਮਕਸਦ ਨਾਲ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ ਕਾਰਨ ਨੌਜਵਾਨਾਂ ਅੰਦਰ ਆਪਣੀ ਖੇਡ ਪ੍ਰਤਿਭਾ ਉਜਾਗਰ ਕਰਨ ਪ੍ਰਤੀ ਵੱਡੀ ਪੱਧਰ ਤੇ ਦਿਲਚਸਪੀ ਵਧੀ ਹੈ ਜਿਸ ਕਾਰਨ ਅੱਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਖੇਡਾਂ ਨਾਲ ਜੁੜ ਰਹੇ ਹਨ। ਇਹਨਾਂ ਸਬਦਾਂ ਦਾ ਪ੍ਰਗਟਾਵਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਅੱਜ ਐਸ ਐਸ ਐਮ ਕਾਲਜ ਦੀਨਾਨਗਰ ਤੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਤੇ ਉਨ੍ਹਾਂ ਨਾਲ ਐਸ ਡੀ ਐਮ ਅਰਵਿੰਦ ਕੁਮਾਰ ,ਤਹਿਸੀਲਦਾਰ ਮਨਜੀਤ ਸਿੰਘ, ਨੈਬ ਤਹਿਸੀਲਦਾਰ ਤਰਸੇਮ ਲਾਲ ,ਕਾਲਜ ਪ੍ਰਿੰਸੀਪਲ ਡਾ .ਆਰ ਕੇ ਤੁਲੀ ਜੀ ਵਿਸ਼ੇਸ ਤੌਰ ਤੇ ਹਾਜਿਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੇਡਾਂ ਨਾਲ ਬੜੀ ਗੂੜੀ ਰੂਚੀ ਰਹੀ ਹੈ ਪ੍ਰੰਤੂ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਨੌਜਵਾਨ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਸਨ। ਜਿਸ ਨੂੰ ਵੇਖਦੇ ਹੋਏ ਸਾਡੀ ਸਰਕਾਰ ਨੇ ਖੇਡਾਂ ਸ਼ੁਰੂ ਕਰਵਾਈਆਂ ਅਤੇ ਅੱਜ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਦੇ ਰਹੀ ਹੈ।
ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮਨੁੱਖੀ ਸਰੀਰ ਲਈ ਖੇਡਾਂ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜਿਥੇ ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਰਹਿੰਦੇ ਹਨ ਉਥੇ ਹੀ ਮਾਨਸਿਕ ਤੌਰ ਤੇ ਵੀ ਚੁਸਤ ਦਰੁਸਤ ਰਹਿੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਖੇਡਾਂ ਨਾਲ ਜਰੂਰ ਜੁੜਨ ਤਾਂ ਜੋ ਸਮਾਜ ਵਿੱਚੋਂ ਲਾਹਣਤਾਂ ਦਾ ਖਾਤਮਾ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਸ਼ਮਸ਼ੇਰ ਸਿੰਘ ਨੇ ਕਿਹਾ ਕਿ ਦੀਨਾਨਗਰ ਬਲਾਕ ਦੀਆਂ ਅੱਜ ਸ਼ੁਰੂ ਹੋਈਆਂ ਖੇਡਾਂ ਵਿੱਚ 08 ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ), ਰੱਸਾ-ਕੰਸੀ, ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ) ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਇਨ੍ਹਾਂ ਖੇਡਾਂ ਨੁੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਪੱਧਰ ਤੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਦੇ ਜ਼ੋਹਰ ਵਿਖਾ ਰਹੇ ਹਨ। ਇਸ ਮੌਕੇ ਤੇ ਬਲਾਕ ਪ੍ਰਧਾਨ ਮਨਮੋਹਨ ਸਿੰਘ, ਪ੍ਰਿੰਸੀਪਲ ਸੁਖਦੇਵ ਰਾਜ, ਰਾਜਿੰਦਰ ਕੁਮਾਰ, ਸੋਨੂੰ ਪਹਾੜੀਪੁਰ, ਵਿਸੂ ਮਹਾਜਨ, ਡਾ. ਮੁਖਵਿੰਦਰ ਸਿੰਘ ਰੰਧਾਵਾ, ਪ੍ਰੋ .ਸੁਬੀਰ ਅਗਬੋਤਰਾ,ਪ੍ਰੋ ਸੋਨੂੰ,ਪ੍ਰ ਪਰਬੋਧ ਗਰੋਵਰ, ਪ੍ਰੋ ਰਾਜਿੰਦਰ ਕੁਮਾਰ ਆਦਿ ਹਾਜਿਰ ਸਨ