ਗੁਰਦਾਸਪੁਰ, 9 ਅਕਤੂਬਰ (DamanPreet Singh) – ਪੰਜਾਬ ਮੈਡੀਕਲ ਕੌਂਸਲ ਦੇ ਨਵੇਂ ਚੁਣੇ ਗਏ ਮੈਂਬਰ ਡਾ. ਬੀ.ਐੱਸ. ਬਾਜਵਾ ਦਾ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਬੀ.ਐੱਸ. ਬਾਜਵਾ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਦੇ ਰਹਿਣ ਵਾਲੇ ਹਨ ਅਤੇ ਉਹ ਲੰਮਾਂ ਸਮਾਂ ਸਿਹਤ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਉੱਪਰ ਸੇਵਾਵਾਂ ਵੀ ਨਿਭਾ ਚੁੱਕੇ ਹਨ। ਬੀਤੇ ਦਿਨੀਂ ਪੰਜਾਬ ਮੈਡੀਕਲ ਕੌਂਸਲ ਦੀ ਚੋਣ ਹੋਈ ਸੀ ਜਿਸ ਦੀਆਂ 10 ਸੀਟਾਂ ਲਈ 23 ਮੈਂਬਰਾਂ ਨੇ ਚੋਣ ਵਿੱਚ ਹਿੱਸਾ ਲਿਆ ਸੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਡਾ. ਬੀ.ਐੱਸ. ਬਾਜਵਾ ਨੇ ਚੋਣ ਜਿੱਤ ਕੇ 10 ਮੈਂਬਰਾਂ ਵਿੱਚ ਸਥਾਨ ਹਾਸਲ ਕੀਤਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਡਾ. ਬੀ.ਐੱਸ. ਬਾਜਵਾ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਲਈ ਬੜੇ ਮਾਣ ਦੀ ਗੱਲ ਹੈ ਕਿ ਡਾ. ਬੀ.ਐੱਸ. ਬਾਜਵਾ ਨੇ ਪੰਜਾਬ ਮੈਡੀਕਲ ਕੌਂਸਲ ਵਿੱਚ ਨੁਮਾਂਇੰਦਗੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਬਾਜਵਾ ਅਤੇ ਹੋਰ ਚੁਣੇ ਹੋਏ ਮੈਂਬਰਾਂ ਦੀ ਅਗਵਾਈ ਵਿੱਚ ਪੰਜਾਬ ਮੈਡੀਕਲ ਕੌਂਸਲ ਸਿਹਤ ਖੇਤਰ ਵਿੱਚ ਹੋਰ ਵੀ ਵਧੀਆ ਸੇਵਾਵਾਂ ਦੇਵੇਗਾ ਅਤੇ ਸਰਕਾਰੀ ਤੇ ਨਿੱਜੀ ਡਾਕਟਰਾਂ ਤੋਂ ਇਲਾਵਾ ਆਮ ਲੋਕਾਂ ਦੇ ਸਿਹਤ ਸੇਵਾਵਾਂ ਸਬੰਧੀ ਮਸਲੇ ਹੱਲ ਹੋਣਗੇ। ਉਨ੍ਹਾਂ ਕਿਹਾ ਕਿ ਡਾ. ਬਾਜਵਾ ਦੀ ਨਿਯੁਕਤੀ ਜ਼ਿਲ੍ਹਾ ਗੁਰਦਾਸਪੁਰ ਲਈ ਬਹੁਤ ਉਪਯੋਗੀ ਸਿੱਧ ਹੋਵੇਗੀ।
ਇਸ ਮੌਕੇ ਪੰਜਾਬ ਮੈਡੀਕਲ ਕੌਂਸਲ ਦੇ ਨਵੇਂ ਚੁਣੇ ਗਏ ਮੈਂਬਰ ਡਾ. ਬੀ.ਐੱਸ. ਬਾਜਵਾ ਨੇ ਕਿਹਾ ਕਿ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਨਿੱਜੀ ਤੇ ਸਰਕਾਰੀ ਡਾਕਟਰਾਂ ਦੇ ਜੋ ਵੀ ਪੰਜਾਬ ਮੈਡੀਕਲ ਕੌਂਸਲ ਨਾਲ ਸਬੰਧਤ ਮਸਲੇ ਹੋਣਗੇ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਇਸ ਸਨਮਾਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਡਾ. ਕੇ.ਐੱਸ. ਬੱਬਰ, ਡਾ. ਹਰਜਿੰਦਰ ਕਲੇਰ, ਡਾ. ਜੀ.ਐੱਸ. ਕਲਸੀ, ਡਾ. ਸਤਿੰਦਰ ਮਹਾਜਨ, ਡਾ. ਭੁਪਿੰਦਰ ਸਿੰਘ, ਡਾ. ਸੰਧੂ, ਡਾ. ਜੀ.ਐੱਸ. ਪੰਨੂੰ, ਡਾ. ਰਾਜਨ ਅਰੋੜਾ, ਗੁਰਮਿੰਦਰ ਸਿੰਘ ਤੇ ਹੋਰ ਵੀ ਮੋਹਤਬਰ ਹਾਜ਼ਰ ਸਨ।