ਇਸ ਸਾਲ ਜ਼ਿਲੇ ਦੀਆਂ 5188 ਔਰਤਾਂ ਨੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਉਠਾਇਆ
ਗੁਰਦਾਸਪੁਰ, 18 ਦਸੰਬਰ (DamanPreet Singh) – ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਆਂਸ਼ਿਕ ਵਿੱਤੀ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਚਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਇੱਕ ਜਣੇਪਾ ਲਾਭ ਯੋਜਨਾ ਹੈ ਜਿਸ ਦੇ ਤਹਿਤ ਗਰਭਵਤੀ ਔਰਤਾਂ ਨੂੰ ਆਂਸ਼ਿਕ ਵਿੱਤੀ ਸਹਾਇਤਾ ਮਾਂ ਅਤੇ ਬੱਚੇ ਦੀਆਂ ਸਿਹਤ ਅਤੇ ਖੁਰਾਕ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦਿੱਤੀ ਜਾਂਦੀ ਹੈ।
ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜ਼ਿਲੇ ਦੀਆਂ ਹੁਣ ਤੱਕ ਕੁੱਲ 6590 ਲਾਭਪਾਤਰੀ ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਰਜਿਸਟਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 5188 ਔਰਤਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਸਹਾਇਤਾ ਰਾਸ਼ੀ ਸਿੱਧਾ ਤੌਰ ’ਤੇ ਉਨਾਂ ਦੇ ਬੈਂਕ ਵਿੱਚ ਟਰਾਂਸਫਰ ਕੀਤੀ ਗਈ ਹੈ।
ਇਸ ਸਕੀਮ ਦਾ ਬਿਓਰਾ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਇੱਕ ਔਰਤ ਨੂੰ ਪਹਿਲੇ ਦੋ ਜੀਵਤ ਬੱਚਿਆਂ ਲਈ ਉਪਲਬਧ ਹੈ ਬਸਰਤੇ ਕਿ ਦੂਜਾ ਬੱਚਾ ਇੱਕ ਲੜਕੀ ਹੋਵੇ। ਉਨਾਂ ਦੱਸਿਆ ਕਿ ਪਹਿਲੇ ਬੱਚੇ ਦੇ ਮਾਮਲੇ ਵਿੱਚ ਦੋ ਕਿਸਤਾਂ ਵਿੱਚ ਕੁੱਲ 5000 ਰੁਪਏ ਦੀ ਰਕਮ ਅਤੇ ਦੂਜੇ ਬੱਚੇ ਲਈ, ਕੁੱਲ 6000 ਰੁਪਏ ਦਾ ਲਾਭ ਜਨਮ ਤੋਂ ਬਾਅਦ ਇੱਕ ਕਿਸਤ ਵਿੱਚ ਦੂਜਾ ਬੱਚਾ ਲੜਕੀ ਹੋਣ ਤੇ ਦਿੱਤਾ ਜਾਂਦਾ ਹੈ। ਸਕੀਮ ਦਾ ਲਾਭ ਲੈਣ ਲਈ ਗਰਭ ਅਵਸਥਾ ਦੌਰਾਨ ਰਜ਼ਿਸਟਰੇਸ਼ਨ ਲਾਜ਼ਮੀ ਹੈ। ਉਨਾਂ ਕਿਹਾ ਕਿ ਸਿਹਤ ਸੰਸਥਾ ਵਿੱਚ ਇਸ ਸਕੀਮ ਤਹਿਤ ਲਾਭ ਰਾਸ਼ੀ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਟ੍ਰਾਂਸਫਰ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਜੋ ਸ਼ਰਤਾਂ ਨਿਰਧਾਰਤ ਕੀਤੀਆਂ ਹਨ ਉਸ ਅਨੁਸਾਰ ਉਹ ਔਰਤਾਂ ਜੋ ਅੰਸਕ ਤੌਰ ’ਤੇ (40 ਫੀਸਦੀ) ਜਾਂ ਪੂਰੀ ਤਰਾਂ ਦਿਵਯਾਂਗਜਨ ਹਨ। ਬੀ.ਪੀ.ਐਲ. ਰਾਸ਼ਨ ਕਾਰਡ ਦੀ ਮਹਿਲਾ ਧਾਰਕ। ਆਯੂਸ਼ਮਾਨ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅਧੀਨ ਮਹਿਲਾ ਲਾਭਪਾਤਰੀ। ਈ-ਸਰਮ ਕਾਰਡ ਰੱਖਦੀਆਂ ਔਰਤਾਂ। ਕਿਸਾਨ ਸਨਮਾਨ ਨਿਧੀ ਦੇ ਤਹਿਤ ਲਾਭਪਾਤਰੀ ਮਹਿਲਾ ਕਿਸਾਨ। ਮਗਨਰੇਗਾ ਜੌਬ ਕਾਰਡ ਹੋਲਡਰ ਔਰਤਾਂ। ਉਹ ਔਰਤਾਂ ਜਿਨਾਂ ਦੀ ਕੁੱਲ ਪਰਿਵਾਰਕ ਆਮਦਨ 8 ਲੱਖ ਰੁਪਏ ਪ੍ਰਤੀ ਸਾਲ ਤੋਂ ਘੱਟ ਹੈ। ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਏ.ਡਬਲਿਊ.ਡਬਲਿਊ, ਏ.ਡਬਲਿਊ.ਐੱਚ ਅਤੇ ਆਸ਼ਾ ਵਰਕਰ ਸ਼ਾਮਲ ਹਨ।
ਇਸ ਤੋਂ ਇਲਾਵਾ, ਸਾਰੀਆਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਨਿਯਮਤ ਰੁਜ਼ਗਾਰ ਵਿੱਚ ਹਨ ਜਾਂ ਜੋ ਕਿ ਮੌਜੂਦਾ ਸਮੇਂ ਲਈ ਲਾਗੂ ਕਿਸੇ ਕਾਨੂੰਨ ਦੇ ਤਹਿਤ ਸਮਾਨ ਲਾਭ ਪ੍ਰਾਪਤ ਕਰ ਰਹੀਆਂ ਹਨ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਅਧੀਨ ਲਾਭਾਂ ਦੇ ਹੱਕਦਾਰ ਨਹੀਂ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਆਂਗਨਵਾੜੀ ਕੇਂਦਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।