ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਚੇਅਰਮੈਨ ਰਮਨ ਬਹਿਲ ਵੱਲੋਂ ਕਲਾ ਕੇਂਦਰ ਗੁਰਦਾਸਪੁਰ ਦਾ ਉਦਘਾਟਨ

ਗੁਰਦਾਸਪੁਰ ਪੰਜਾਬ ਮਾਝਾ

ਦੋ ਦਹਾਕਿਆਂ ਬਾਅਦ ਕਲਾ ਕੇਂਦਰ ਗੁਰਦਾਸਪੁਰ ਵਿੱਚ ਹੁਣ ਫਿਰ ਗੂੰਜਣਗੇ ਮਿੱਠੇ ਸੁਰ

ਗੁਰਦਾਸਪੁਰ, 18 ਦਸੰਬਰ (DamanPreet Singh) – ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਕਲਾ ਕੇਂਦਰ ਦਾ ਖੂਬਸੂਰਤ ਤੋਹਫ਼ਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਯਤਨਾ ਸਦਕਾ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਕਲਾ ਕੇਂਦਰ ਗੁਰਦਾਸਪੁਰ ਦੀ ਮੁਰੰਮਤ ਕਰਵਾ ਕੇ ਇਸਨੂੰ ਮੁੜ-ਸੁਰਜੀਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਕਲਾ ਕੇਂਦਰ ਗੁਰਦਾਸਪੁਰ ਦਾ ਸਾਂਝੇ ਤੌਰ ’ਤੇ ਉਦਘਾਟਨ ਕਰਕੇ ਇਸਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਇਰਵਨ ਕੌਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ, ਜਾਇੰਟ ਸਕੱਤਰ ਹਰਮਨਪ੍ਰੀਤ ਸਿੰਘ, ਐੱਸ.ਡੀ.ਓ. ਲਵਪ੍ਰੀਤ ਸਿੰਘ, ਤੋਂ ਇਲਾਵਾ ਹੋਰ ਅਧਿਕਾਰੀ ਅਤੇ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।

ਕਲਾ ਕੇਂਦਰ ਗੁਰਦਾਸਪੁਰ ਨੂੰ ਕਲਾਕਾਰਾਂ ਦੇ ਸਪੁਰਦ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਦਹਾਕਿਆਂ ਤੋਂ ਬੰਦ ਪਏ ਇਸ ਕਲਾ ਕੇਂਦਰ ਵਿੱਚ ਹੁਣ ਫਿਰ ਮਿੱਠੇ ਸੁਰ ਗੂੰਜਣਗੇ ਅਤੇ ਇਹ ਕਲਾਕਾਰਾਂ ਦੀ ਕਲਾ ਨਿਖਾਰਨ ਦਾ ਜਰੀਆ ਬਣੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਕਲਾ ਕੇਂਦਰ ਦੀ ਮਾੜੀ ਹਾਲਤ ਦਾ ਪਤਾ ਲੱਗਾ ਸੀ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਅਧਿਕਾਰੀਆਂ ਨੂੰ ਇਸਦੀ ਮੁਰੰਮਤ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅੱਜ ਕਲਾ ਕੇਂਦਰ ਦੀ ਇਮਾਰਤ ਦਾ ਪੂਰਾ ਮੁਹਾਂਦਰਾ ਬਦਲ ਦਿੱਤਾ ਗਿਆ ਹੈ ਅਤੇ ਇਥੇ ਇੱਕ ਖੂਬਸੂਰਤ ਆਡੀਟੋਰੀਅਮ, ਸੰਗੀਤ ਤੇ ਕਲਾਸੀਕਲ ਡਾਂਸ ਦੀ ਸਿਖਲਾਈ ਲਈ ਚਾਰ ਕਲਾਸ ਰੂਮ, ਦਫ਼ਤਰ, ਵਾਸ਼ਰੂਮ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸੰਗੀਤ ਦੇ ਮਾਹਿਰ ਉਸਤਾਦਾਂ ਵੱਲੋਂ ਇਥੇ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦੀ ਸਿਖਲਾਈ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਗੁਰਦਾਸਪੁਰ ਵਾਸੀਆਂ ਅਤੇ ਖਾਸ ਕਰਕੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਉਹ ਕਲਾ ਕੇਂਦਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਅੰਦਰ ਸੰਗੀਤ, ਨਾਚ ਵਰਗੀਆਂ ਕੋਮਲ ਕਲਾਵਾਂ ਨੂੰ ਨਿਖਾਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸਦਾ ਰੱਖ-ਰਖਾਵ ਕੀਤਾ ਜਾਵੇਗਾ ਅਤੇ ਕਲਾ ਕੇਂਦਰ ਵਿੱਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕਲਾ ਕੇਂਦਰ ਗੁਰਦਾਸਪੁਰ ਦਾ ਕਲਾ ਦੇ ਖੇਤਰ ਵਿੱਚ ਬਹੁਤ ਉੱਘਾ ਸਥਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰੀਆਂ ਦੀਆਂ ਬਹੁਤ ਸਾਰੀਆਂ ਯਾਦਾਂ ਇਸ ਕਲਾ ਦੇ ਮੰਦਰ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਹੁਣ ਮੁੜ ਸ਼ੁਰੂ ਹੋਣ ਨਾਲ ਇਹ ਕਲਾ ਤੇ ਸਾਹਿਤ ਦੀਆਂ ਸਰਗਰਮੀਆਂ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਗੁਰਦਾਸਪੁਰ ਵਾਸੀਆਂ ਨੂੰ ਇਹ ਬਹੁਤ ਖੂਬਸੂਰਤ ਤੋਹਫ਼ਾ ਹੈ ਜਿਸ ਲਈ ਉਹ ਸਰਕਾਰ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ।

ਇਸ ਮੌਕੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਇਹ ਕਲਾ ਕੇਂਦਰ ਸੰਨ 1962 ਵਿੱਚ ਸ੍ਰੀਮਤੀ ਉਰਮਲਾ ਕੌਸ਼ਲ ਅਤੇ ਉਨ੍ਹਾਂ ਦੇ ਪਤੀ ਸ੍ਰੀ ਨਰਿੰਦਰ ਕੌਸ਼ਲ ਦੇ ਯਤਨਾ ਸਦਕਾ ਹੋਂਦ ਵਿੱਚ ਆਇਆ ਸੀ। ਇਸ ਕਲਾ ਕੇਂਦਰ ਦਾ ਉਦਘਾਟਨ ਉਸ ਸਮੇਂ ਦੇ ਉੱਘੇ ਅਦਾਕਾਰ ਪ੍ਰਿਥਵੀ ਰਾਜ ਕਪੂਰ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਇਹ ਕਲਾ ਕੇਂਦਰ ਬੰਦ ਹੋਣ ਕਾਰਨ ਖੰਡਰ ਦਾ ਰੂਪ ਧਾਰਨ ਕਰ ਗਿਆ ਸੀ ਜਿਸਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਮੁੜ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲਾ ਕੇਂਦਰ ਗੁਰਦਾਸਪੁਰ ਸ਼ਹਿਰ ਵਿੱਚ ਮੁੜ ਕਲਾ ਨੂੰ ਉਤਸ਼ਾਹਤ ਕਰਨ ਦਾ ਕੰਮ ਕਰੇਗਾ।
ਕਲਾ ਕੇਂਦਰ ਦੇ ਉਦਘਾਟਨ ਮੌਕੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *