ਨਵੇਂ ਸਾਲ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਕਾਨਫਰੰਸ ਹਾਲ ਦਾ ਖੂਬਸੂਰਤ ਤੋਹਫ਼ਾ ਮਿਲਿਆ

ਗੁਰਦਾਸਪੁਰ ਪੰਜਾਬ ਮਾਝਾ

100 ਸੀਟਰ ਇਹ ਕਾਨਫਰੰਸ ਹਾਲ ਆਧੁਨਿਕ ਸਹੂਲਤਾਂ ਨਾਲ ਹੈ ਲੈਸ

ਗੁਰਦਾਸਪੁਰ, 1 ਜਨਵਰੀ (DamanPreet Singh) – ਨਵੇਂ ਸਾਲ ਦੇ ਸ਼ੁਭ ਅਵਸਰ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਨੂੰ ਇੱਕ ਨਵਾਂ ਤੋਹਫ਼ਾ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ 46 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬੀ ਬਲਾਕ ਵਿਖੇ 100 ਸੀਟਰ ਕਾਨਫਰੰਸ ਹਾਲ ਤਿਆਰ ਕੀਤਾ ਗਿਆ ਹੈ, ਜਿਸਦੀ ਅੱਜ ਸ਼ੁਰੂਆਤ ਕੀਤੀ ਗਈ ਹੈ।

ਕਾਨਫਰੰਸ ਹਾਲ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਾਨਫਰੰਸ ਹਾਲ ਦੀ ਬਹੁਤ ਵੱਡੀ ਘਾਟ ਸੀ। ਉਨ੍ਹਾਂ ਕਿਹਾ ਕਿ ਅੱਜ ਨਵੇਂ ਸਾਲ ਦੀ ਅਰੰਭਤਾ ਮੌਕੇ ਇਸ ਕਾਨਫਰੰਸ ਹਾਲ ਦਾ ਸ਼ੁਰੂ ਹੋਣਾ ਜ਼ਿਲ੍ਹਾ ਪ੍ਰਸ਼ਾਸਨ ਲਈ ਵੱਡੀ ਸਹੂਲਤ ਸਾਬਤ ਹੋਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਰੀਬ 46 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ 100 ਸੀਟਰ ਕਾਨਫਰੰਸ ਹਾਲ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਹਾਲ ਪੂਰੀ ਤਰ੍ਹਾਂ ਵਾਤਾਅਨਕੂਲ ਹੈ ਅਤੇ ਆਡੀਓ-ਵੀਡੀਓ ਸਹੂਲਤ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਇਸ ਹਾਲ ਵਿੱਚ ਇੰਟਰਨੈੱਟ ਦੀ ਸਹੂਲਤ ਦੇਣ ਦੇ ਨਾਲ ਸਕਰੀਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਪਾਵਰ-ਪੁਆਇੰਟ ਪੇਸ਼ਕਾਰੀ ਅਤੇ ਵੀਡੀਓ ਕਾਨਫਰੰਸ ਵੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਹਾਲ ਦੇ ਸ਼ੁਰੂ ਹੋਣ ਨਾਲ ਹੁਣ ਰਾਜ ਪੱਧਰ ‘ਤੇ ਹੁੰਦੀਆਂ ਆਨ-ਲਾਈਨ ਮੀਟਿੰਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਮੀਟਿੰਗਾਂ ਇਥੇ ਹੀ ਹੋ ਜਾਇਆ ਕਰਨਗੀਆਂ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਵੇਂ ਕਾਨਫਰੰਸ ਹਾਲ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਨਵਾਂ ਸਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ। ਉਨ੍ਹਾਂ ਸਮੂਹ ਸਟਾਫ਼ ਨੂੰ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਆਪਣੀਆਂ ਸੇਵਾਵਾਂ ਦੇ ਕੇ ਜ਼ਿਲ੍ਹਾ ਵਾਸੀਆਂ ਦੀ ਸੇਵਾ ਕਰਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਲਕਸ਼ੇ ਕੁਮਾਰ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਹਰਜੋਤ ਸਿੰਘ, ਐੱਸ.ਡੀ.ਓ. ਸ੍ਰੀ ਲਵਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *