ਵੋਟਰ ਹੈਲਪਲਾਈਨ ਐਪ ਰਾਹੀਂ ਲੋਕ ਆਪਣੀ ਵੋਟ ਸਬੰਧੀ ਵੇਰਵੇ ਘਰ ਬੈਠ ਕੇ ਪ੍ਰਾਪਤ ਕਰ ਸਕਦੇ ਹਨ – ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ, 29 ਮਾਰਚ (DamanPreet singh) –

ਭਾਰਤ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਮੋਬਾਈਲ ਐਪ ਚਲਾਈਆਂ ਗਈਆਂ ਹਨ ਜਿਨ੍ਹਾਂ ਦੇ ਇਸਤਮਾਲ ਨਾਲ ਲੋਕ ਆਪਣੀ ਵੋਟ ਅਤੇ ਇਸ ਨਾਲ ਸਬੰਧਿਤ ਹੋਰ ਵੇਰਵੇ ਹਾਸਲ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚਲਾਈ ਵੋਟਰ ਹੈਲਪਲਾਈਨ ਐਪ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਵੋਟਰਾਂ ਵੱਲੋਂ ਹੈਲਪਲਾਈਨ ਐਪ ਰਾਹੀਂ, ਆਪਣਾ ਨਾਮ ਲੱਭਣ ਲਈ, ਫਾਰਮ ਆਨ ਲਾਈਨ ਜਮਾਂ ਕਰਵਾਉਣ, ਆਪਣੇ ਫਾਰਮਾਂ ਦਾ ਸਟੇਟਸ ਜਾਣਨ ਲਈ, ਚੋਣਾਂ ਸਬੰਧੀ ਅਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਜਾਣਕਾਰੀ ਲਈ ਇਸ ਐਪ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਹੈਲਪ ਲਾਈਨ ਐਪ ਆਪਣੇ ਫ਼ੋਨ ‘ਤੇ ਡਾਊਨਲੋਡ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਇਹ ਵੋਟਰ ਹੈਲਪਲਾਈਨ ਐਪ https://www.eci.gov.in/voter-helpline-app ਅਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੁਝੇਵਿਆਂ ਕਾਰਨ ਲੋਕ ਆਪਣੀ ਵੋਟ ਸਬੰਧੀ ਵੇਰਵਿਆਂ ਤੋਂ ਜਾਣੂ ਨਹੀਂ ਹੁੰਦੇ। ਇਸ ਐਪ ਰਾਹੀਂ ਆਸਾਨੀ ਨਾਲ ਕੋਈ ਵੀ ਵਿਅਕਤੀ ਆਪਣੀ ਵੋਟ ਸਬੰਧੀ ਵੇਰਵੇ, ਪੋਲਿੰਗ ਸਟੇਸ਼ਨ ਨੰਬਰ, ਉਸ ਦੀ ਲੋਕੇਸ਼ਨ ਆਦਿ ਬਾਰੇ ਜਾਣਕਾਰੀ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਆਪਣੇ ਵੇਰਵਿਆਂ ‘ਚ ਕੋਈ ਤਬਦੀਲੀ ਕਰਵਾਉਣੀ ਹੋਵੇ ਤਾਂ ਉਸ ਸਬੰਧੀ ਜਾਣਕਾਰੀ ਵੀ ਇਸ ਵੋਟਰ ਹੈਲਪਲਾਈਨ ਐਪ ਉੱਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਉੱਤੇ ਡਿਜੀਟਲ ਵੋਟਰ ਸਲਿਪ ਅਤੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕੀਤੀ ਜਾ ਸਕਦੀ ਹੈ। ਇਸ ਐਪ ਰਾਹੀਂ ਚੋਣਾਂ ਸਬੰਧੀ ਹੋਰ ਲੋੜੀਂਦੇ ਵੇਰਵੇ ਜਿਵੇਂ ਕਿ ਪਿਛਲੀਆਂ ਚੋਣਾਂ ਦੇ ਨਤੀਜੇ, ਸਿਆਸੀ ਉਮੀਦਵਾਰਾਂ ਅਤੇ ਪਾਰਟੀਆਂ ਦੇ ਵੇਰਵੇ, ਵੋਟਾਂ ਸਬੰਧੀ ਫਾਰਮ (ਮਤਦਾਤਾ ਅਤੇ ਉਮੀਦਵਾਰਾਂ ਲਈ) ਸਬੰਧੀ ਜਾਣਕਾਰੀ ਵੀ ਆਸਾਨੀ ਨਾਲ ਮਿਲਦੀ ਹੈ।

Leave a Reply

Your email address will not be published. Required fields are marked *