ਜ਼ਿਲ੍ਹਾ ਕਚਹਿਰੀਆਂ, ਗੁਰਦਾਸਪੁਰ ਵਿਖੇ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

ਗੁਰਦਾਸਪੁਰ ਪੰਜਾਬ ਮਾਝਾ

ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਸਮੇਤ ਜੱਜ ਸਾਹਿਬਾਨ ਨੇ ਵੀ ਕੀਤੇ ਯੋਗਾ ਦੇ ਆਸਣ

ਗੁਰਦਾਸਪੁਰ, 21 ਜੂਨ, 2024 (DamanPreet singh) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਕਾਰਜਕਾਰੀ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਰਜਿੰਦਰ ਅਗਰਵਾਲ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅੱਜ ਜ਼ਿਲ੍ਹਾ ਕਚਹਿਰੀਆਂ, ਗੁਰਦਾਸਪੁਰ ਵਿੱਚ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ-2024 ਮਨਾਇਆ ਗਿਆ। ਇਹ ਅੰਤਰਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ਦੇ ਤਾਲ-ਮੇਲ ਨਾਲ ਕਰਵਾਇਆ ਗਿਆ। ਇਸ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ, ਸ੍ਰੀ ਪ੍ਰਿਤਪਾਲ ਸਿੰਘ, ਵਧੀਕ ਪ੍ਰਿੰਸੀਪਲ ਜੱਜ (ਫੈਮਲੀ ਕੋਰਟ), ਗੁਰਦਾਸਪੁਰ, ਸ੍ਰੀ ਰਵੀ ਗੁਲਾਟੀ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ, ਸ੍ਰੀ ਰੰਜੀਵਪਾਲ ਸਿੰਘ ਚੀਮਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਗੁਰਦਾਸਪੁਰ ਅਤੇ ਸ੍ਰੀ ਚੰਦਨ ਹੰਸ, ਸਿਵਲ ਜੱਜ (ਜੂਨੀਅਰ ਡਵੀਜ਼ਨ), ਗੁਰਦਾਸਪੁਰ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਗੁਰਦਾਸਪੁਰ ਦੇ ਮੈਂਬਰ, ਪੈਨਲ ਐਡਵੋਕੇਟਜ਼ ਤੋਂ ਇਲਾਵਾ ਜੁਡੀਸ਼ੀਅਲ ਸਟਾਫ਼ ਵੀ ਮੌਜੂਦ ਸੀ।

ਸ੍ਰੀ ਰਜਿੰਦਰ ਅਗਰਵਾਲ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਸਾਲ 2015 ਤੋਂ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਹਰ ਸਾਲ 21 ਜੂਨ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਯੋਗ ਸਾਡੇ ਰਿਸ਼ੀਆਂ-ਮੁਨੀਆਂ ਦੀ ਤਪੱਸਿਆ ਦੁਆਰਾ ਮਨੁੱਖ ਦੇ ਸੰਪੂਰਨ ਵਿਕਾਸ ਅਤੇ ਤੰਦਰੁਸਤੀ ਲਈ ਲੱਭੀ ਗਈ ਪ੍ਰਾਚੀਨ ਪੱਧਤੀ ਹੈ। ਯੋਗਾ ਕਰਨ ਨਾਲ ਮਨੁੱਖ ਦਾ ਸੰਪੂਰਨ ਵਿਕਾਸ ਹੁੰਦਾ ਹੈ ਅਤੇ ਮਨੁੱਖ ਦੀ ਇਕਾਗਰਤਾ ਵਿੱਚ ਵਾਧਾ ਹੁੰਦਾ ਹੈ ਅਤੇ ਮਨੁੱਖ ਵਿੱਚ ਸਕਾਰਾਤਮਿਕ ਵਿਅਕਤੀਤਵ ਵਿਕਸਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਭਾਰਤ ਦੀ ਵਿਰਾਸਤ ਹੈ ਅਤੇ ਯੋਗਾ ਵਿੱਚ ਸਾਰੀ ਮਨੁੱਖ ਜਾਤੀ ਨੂੰ ਇੱਕਜੁੱਟ ਕਰਨ ਦੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਯੋਗਾ ਇੱਕ ਸੰਪੂਰਨ ਕਸਰਤ ਹੈ, ਜੋ ਸਰੀਰ ਨੂੰ ਨਿਰੋਗ ਰੱਖਣ ਵਿੱਚ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਦਾ ਉਦੇਸ਼ ਪੂਰੀ ਦੁਨੀਆ ਦੇ ਲੋਕਾਂ ਨੂੰ ਯੋਗਾ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਹੈ। ਮਾਨਯੋਗ ਜੱਜ ਸਾਹਿਬਾਨ ਨੇ ਆਪਣੇ ਸੰਬੋਧਨ ਵਿੱਚ ਸਾਰਿਆਂ ਨੂੰ ਯੋਗਾ ਨੂੰ ਆਪਣੀ ਦਿਨ-ਚਰਿਆ ਦਾ ਹਿੱਸਾ ਬਣਾਉਣ ਵਾਸਤੇ ਪ੍ਰੇਰਿਤ ਕੀਤਾ ਤਾਂ ਜੋ ਅਸੀਂ ਨਿਰੋਗੀ ਜੀਵਨ ਹੰਢਾ ਸਕੀਏ। ਅੰਤ ਵਿੱਚ ਮਾਨਯੋਗ ਜੱਜ ਸਾਹਿਬਾਨ ਨੇ ਡਾ. ਕੁਲਬੀਰ ਕੌਰ ਤੇ ਉਨ੍ਹਾਂ ਦੀ ਆਈ ਟੀਮ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *