ਗੁਰਦਾਸਪੁਰ, 29 ਜਨਵਰੀ (DamanPreet singh) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਦੇ 10 ਸਾਲ ਪੂਰੇ ਹੋਣ ‘ਤੇ ਅੱਜ ਸਰਕਾਰੀ ਹਾਈ ਸਕੂਲ, ਪਿੰਡ ਦੁਆਬਾ, ਬਲਾਕ ਦੀਨਾਨਗਰ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲੜਕੀਆਂ ਲਈ ਮਾਹਵਾਰੀ ਦੌਰਾਨ ਨਿੱਜੀ ਸਾਫ਼-ਸਫ਼ਾਈ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀਮਤੀ ਜਸਮੀਤ ਕੌਰ ਵੱਲੋਂ ਕੀਤੀ ਗਈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਕੈਂਪ ਵਿੱਚ ਮੌਜੂਦ ਲੜਕੀਆਂ ਅਤੇ ਸਮੂਹ ਸਕੂਲ ਸਟਾਫ਼਼ ਨੂੰ ਸਿਹਤ ਵਿਭਾਗ ਵੱਲੋਂ ਆਏ ਡਾਕਟਰ ਸਾਹਿਬਾਨਾਂ ਵੱਲੋਂ ਮਾਹਵਾਰੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਨ, ਨਿੱਜੀ ਸਾਫ਼ ਸਫ਼ਾਈ ਅਤੇ ਮਾਹਵਾਰੀ ਦੌਰਾਨ ਪੌਸ਼ਟਿਕ ਆਹਾਰ ਲੈਣ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਤੋਂ ਇਲਾਵਾ ਲੜਕੀਆਂ ਨੂੰ ਮਿਸ਼ਨ ਸ਼ਕਤੀ, ਸਖੀ ਵਨ ਸਟਾਪ ਸੈਂਟਰ, ਚਾਈਲਡ/ਵੂਮਨ ਹੈਲਪ ਲਾਈਨ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾਕਟਰ ਸ੍ਰੀਮਤੀ ਵਿਸ਼ਾਲੀ ਮਹਾਜਨ, ਜ਼ਿਲ੍ਹਾ ਕੁਆਰਡੀਨੇਟਰ ਅੰਕੁਸ਼ ਸ਼ਰਮਾ, ਡਾਟਾ ਐਂਟਰੀ ਆਪਰੇਟਰ ਮਿਸ ਹਰਪ੍ਰੀਤ ਅੱਤਰੀ, ਸੁਪਰਵਾਈਜ਼ਰ ਸ੍ਰੀਮਤੀ ਵਿਮਲਾ ਦੇਵੀ ਸਮੇਤ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।