ਗੰਨਾ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਪੇਮੈਂਟ ਕਰਨ ਦੀਆਂ ਹਦਾਇਤਾਂ ਜਾਰੀ
ਗੁਰਦਾਸਪੁਰ, 29 ਜਨਵਰੀ (DamanPreet singh) – ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਕੇਨ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਖੰਡ ਮਿੱਲਾਂ ਵੱਲੋਂ ਗੰਨਾ ਕਿਸਾਨਾਂ ਨੂੰ ਕੀਤੀ ਜਾ ਰਹੀ ਗੰਨੇ ਦੀ ਪੇਮੈਂਟ ਦੀ ਸਮੀਖਿਆ ਕਰਨ ਲਈ ਅੱਜ ਸਹਾਇਕ ਗੰਨਾ ਕਮਿਸ਼ਨਰ ਪੰਜਾਬ, ਸ਼੍ਰੀ ਸੁਖਜਿੰਦਰ ਸਿੰਘ ਬਾਜਵਾ ਵੱਲੋਂ ਸਹਾਇਕ ਗੰਨਾ ਵਿਕਾਸ ਅਫ਼ਸਰ ਗੁਰਦਾਸਪੁਰ ਗੁਰਜੋਤ ਸਿੰਘ ਅਤੇ ਅੰਮ੍ਰਿਤਸਰ ਸ਼੍ਰੀ ਅਮਰਜੀਤ ਸਿੰਘ, ਮਿੱਤਰਮਾਨ ਸਿੰਘ ਏ.ਡੀ.ਓ (ਕੇਨ) ਗੁਰਦਾਸਪੁਰ ਤੋ ਇਲਾਵਾ ਖੰਡ ਮਿੱਲ ਗੁਰਦਾਸਪੁਰ, ਬਟਾਲਾ, ਅਜਨਾਲਾ, ਮੁਕੇਰੀਆਂ, ਬੁੱਟਰ ਸਿਵੀਆ ਅਤੇ ਕਿੜੀ ਅਫ਼ਗਾਨਾ ਦੇ ਅਧਿਕਾਰੀਆਂ ਨਾਲ ਸਹਾਇਕ ਗੰਨਾ ਵਿਕਾਸ ਅਫ਼ਸਰ ਦਫ਼ਤਰ ਗੁਰਦਾਸਪੁਰ, ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਿੱਲ ਵਾਈਜ਼ ਸਮੀਖਿਆ ਕੀਤੀ ਗਈ ਕਿ ਕੁਝ ਖੰਡ ਮਿੱਲਾਂ ਵੱਲੋਂ ਗੰਨੇ ਦੀ ਪੇਮੈਂਟ ਸਮੇਂ ਸਿਰ ਨਹੀਂ ਕੀਤੀ ਜਾ ਰਹੀ ਹੈ। ਇਸ ਸਬੰਧੀ ਇਹਨਾਂ ਖੰਡ ਮਿੱਲਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਕਿਸੇ ਵੀ ਖੰਡ ਮਿੱਲ ਵੱਲੋਂ ਗੰਨਾ ਕਿਸਾਨਾਂ ਦੀ ਪੇਮੈਂਟ ਲੇਟ ਨਾ ਕੀਤੀ ਜਾਵੇ ਅਤੇ ਗੰਨਾ ਕਿਸਾਨਾਂ ਨੂੰ ਪੇਮੈਂਟ ਲਈ ਪ੍ਰੇਸ਼ਾਨ ਨਾ ਕੀਤਾ ਜਾਵੇ।
ਇਸ ਤੋ ਇਲਾਵਾ ਲੇਬਰ ਦੀ ਘਾਟ ਕਾਰਨ ਗੰਨੇ ਦੀ ਕਟਾਈ ਕਰਨ ਵਿੱਚ ਆ ਰਹੀਆਂ ਸਮੱਸਿਆਵਾਂ ਕਰਕੇ ਕੇਨ ਹਾਰਵੈਸਟਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕੇਨ ਹਾਰਵੈਸਟਰ ਦੀ ਸਹੀ ਵਰਤੋਂ ਹਿਤ ਇਸ ਨੂੰ ਪ੍ਰਚੱਲਿਤ ਕਰਨ ਲਈ ਗੰਨੇ ਦੀ ਕਟਾਈ ਲਈ 4 ਫੁੱਟ ਵਿਧੀ ਰਾਹੀ ਗੰਨੇ ਦੀ ਬਿਜਾਈ ਕੀਤੀ ਜਾਵੇ। ਆਉਣ ਵਾਲੇ ਸਮੇਂ ਵਿੱਚ ਕੇਨ ਹਾਰਵੈਸਟਰ ਰਾਹੀਂ ਕਟਾਈ ਕੀਤੇ ਗੰਨੇ ਦੇ ਮੰਡੀਕਰਨ ਲਈ ਵੱਖਰਾ ਕਲੰਡਰ ਅਤੇ ਪਰਚੀ ਸਿਸਟਮ ਤਿਆਰ ਕਰਨ ਬਾਰੇ ਵੀ ਵਿਚਾਰਿਆ ਗਿਆ।
ਬਸੰਤ ਰੁੱਤ ਦੀ ਬਿਜਾਈ ਲਈ ਖੰਡ ਮਿੱਲਾਂ ਨੂੰ ਮਿੱਲ ਵਾਈਜ਼ ਆਪਣਾ ਵੈਰਾਈਟਲ ਪ੍ਰੋਫਾਈਲ ਤਿਆਰ ਕਰਕੇ ਗੰਨੇ ਦੀਆਂ ਕਿਸਮਾਂ ਦੀ ਬਿਜਾਈ ਕਰਵਾਉਣ ਨੂੰ ਵੀ ਮੀਟਿੰਗ ਵਿੱਚ ਵਿਚਾਰਿਆ ਗਿਆ।
ਇਸ ਮੀਟਿੰਗ ਵਿੱਚ ਸੰਜੇ ਸਿੰਘ, ਵਾਈਸ ਪ੍ਰੈਜ਼ੀਡੈਂਟ (ਕੇਨ) ਖੰਡ ਮਿੱਲ ਇੰਡੀਅਨ ਸ਼ੁਕਰੋਜ਼ ਲਿਮ: ਮੁਕੇਰੀਆਂ, ਰਮਨ ਕੁਮਾਰ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ, ਵਿਸ਼ਾਲ ਸਹਿਕਾਰੀ ਖੰਡ ਮਿੱਲ ਬਟਾਲਾ, ਵਿਨੋਦ ਕੁਮਾਰ ਤਿਵਾੜੀ ਚੱਡਾ ਸ਼ੂਗਰ ਮਿੱਲ ਕਿੜੀ ਅਫ਼ਗਾਨਾ ਵੱਲੋਂ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਗੰਨਾ ਕਿਸਾਨਾਂ ਦੀ ਪੇਮੈਂਟ ਸਮੇਂ ਸਿਰ ਕਰ ਦਿੱਤੀ ਜਾਵੇਗੀ।