ਗੁਰਦਾਸਪੁਰ, 29 ਜਨਵਰੀ (DamanPreet singh) – ਸਿਹਤ ਕਾਮਿਆਂ ਦੇ ਖ਼ਿਲਾਫ਼ ਹਿੰਸਾ ਰੋਕਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਅੱਜ ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਜਿੰਦਰ ਸਿੰਘ ਬੇਦੀ, ਜ਼ਿਲ੍ਹਾ ਅਟਾਰਨੀ ਸ੍ਰੀਮਤੀ ਨੀਲਮ ਅਤਰੀ, ਸਹਾਇਕ ਸਿਵਲ ਸਰਜਨ ਡਾ. ਪ੍ਰਭਜੋਤ ਕਲਸੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਆਈ.ਐੱਮ.ਏ. ਦੇ ਪ੍ਰਧਾਨ ਡਾ. ਬਾਜਵਾ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਕਾਮਿਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਹਤ ਕਾਮਿਆਂ ਦੀ ਸੁਰੱਖਿਆ ਦੇ ਲਈ ਸਰਕਾਰ ਵੱਲੋਂ ਕਾਨੂੰਨ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਆਪਣੇ ਅਧਿਕਾਰ ਖੇਤਰ ਵਿੱਚ ਸੀ ਸੀ ਟੀਵੀ ਕੈਮਰੇ ਲਗਾਉਣ, ਲਾਈਟਾਂ ਦਾ ਪੂਰਾ ਪ੍ਰਬੰਧ ਹੋਵੇ। ਇਸ ਤੋਂ ਇਲਾਵਾ ਹਿੰਸਾ ਨੂੰ ਰੋਕਣ ਲਈ ਸਿਹਤ ਸੰਸਥਾਵਾਂ ਵਿੱਚ ਕਮੇਟੀਆਂ ਬਣਾਈਆਂ ਜਾਣ ਅਤੇ ਕਮੇਟੀ ਬਾਰੇ ਬੋਰਡ ਲਗਾਏ ਜਾਣ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਿਹਤ ਸੰਸਥਾਵਾਂ ਵੱਲ ਵੀ ਆਪਣੀ ਪੈਟਰੋਲਿੰਗ ਨੂੰ ਰੈਗੂਲਰ ਕਰਨ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਓ ਅਤੇ ਪੁਨਰਵਾਸ ਕੇਂਦਰਾਂ ਵਿੱਚ ਨਿਯਮਾਂ ਅਨੁਸਾਰ ਇਲਾਜ ਕੀਤਾ ਜਾਵੇ। ਸਿਹਤ ਸੰਸਥਾਵਾਂ ਵਿੱਚ ਫਾਇਰ ਸੇਫ਼ਟੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵੱਲੋਂ ਮਰੀਜ਼ਾਂ ਲਈ ਜੋ ਵੀ ਜ਼ਰੂਰੀ ਸਹੂਲਤਾਂ ਦੇਣੀਆਂ ਜ਼ਰੂਰੀ ਹੁੰਦੀਆਂ ਹਨ ਉਹ ਜ਼ਰੂਰ ਦਿੱਤੀਆਂ ਜਾਣ।
ਸਹਾਇਕ ਸਿਵਲ ਸਰਜਨ ਦਾ ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਪਣੇ ਪੱਧਰ ਉੱਪਰ ਵੀ ਸਿਹਤ ਕਾਮਿਆਂ ਪ੍ਰਤੀ ਹਿੰਸਾ ਦੀ ਰੋਕਥਾਮ ਦੇ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੇ ਸਿਹਤ ਅਮਲੇ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਰੋਮੀ ਰਾਜਾ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿਚ ਕਮੇਟੀਆਂ ਗਠਨ ਕਰਨ ਲਈ ਲਿਖਿਆ ਗਿਆ ਹੈ ਅਤੇ ਇਸ ਸਬੰਧੀ ਜ਼ਰੂਰੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।