ਚਿਲਡਰਨ ਹੋਮ ਗੁਰਦਾਸਪੁਰ ਵਿੱਚ ਬਾਲ ਦਿਵਸ ਨੂੰ ਸਮਰਪਿਤ ਹਫ਼ਤਾ ਭਰ ਚੱਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਅੱਜ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਓਨ੍ਹਾਂ ਦੀ ਧਰਮ ਪਤਨੀ ਮੁਹਤਰਮਾਂ ਸ਼ੈਹਲਾ ਕਾਦਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਪੂਰਾ ਹਫ਼ਤਾ ਚੱਲੀਆਂ ਗਤੀਵਿਧੀਆਂ ਤਹਿਤ ਚਿਲਡਰਨ ਹੋਮ ਦੇ ਬੱਚਿਆਂ ਦੇ ਗੀਤ-ਸੰਗੀਤ ਅਤੇ ਡਾਂਸ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸਪੋਰਟਸ ਮੀਟ ਜਿਸ ਵਿੱਚ ਬੱਚਿਆਂ ਦੇ ਰੱਸਾ-ਕੱਸੀ, 100 ਤੇ 200 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ ਅਤੇ 19 ਨਵੰਬਰ ਨੂੰ ਬੱਚਿਆਂ ਦੇ ਰੰਗੋਲੀ ਅਤੇ ਕੋਲਾਜ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਵਿਚੋਂ ਜਿੱਤਣ ਵਾਲੇ ਬੱਚਿਆਂ ਨੂੰ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ।ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਨੇ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਉਹ ਆਪਣਾ ਬੇਹਤਰ ਭਵਿੱਖ ਬਣਾਉਣ ਲਈ ਪੜ੍ਹਾਈ ਦੇ ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਵੀ ਭਾਗ ਲੈਣ। ਉਨ੍ਹਾਂ ਕਿਹਾ ਕਿ ਸਫਲਤਾ ਹਾਸਲ ਕਰਨ ਲਈ ਮਿਹਨਤ ਹੀ ਇਕੋ-ਇਕ ਰਸਤਾ ਹੈ ਅਤੇ ਮਿਹਨਤ ਕਰਨ ਤੋਂ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ। ਓਨ੍ਹਾਂ ਬੱਚਿਆਂ ਦੇ ਬੇਹਤਰ ਭਵਿੱਖ ਦੀ ਕਾਮਨਾ ਕੀਤੀ।