ਵਿਸ਼ਵ ਖ਼ੂਨ ਦਾਨ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ

ਗੁਰਦਾਸਪੁਰ ਪੰਜਾਬ

ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਖ਼ੂਨਦਾਨ ਕਰਨ ਵਾਲੇ ਦਾਨੀਆਂ ਦੀ ਸ਼ਲਾਘਾ ਕੀਤੀ

ਗੁਰਦਾਸਪੁਰ, 14 ਜੂਨ (Damanpreet singh) – ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਨਿਰਦੇਸ਼ਾਂ ਤਹਿਤ ਵਿਸ਼ਵ ਖੂਨ ਦਾਨ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਿਹਤ ਵਿਭਾਗ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਬਲੱਡ ਡੋਨੇਸ਼ਨ ਸੋਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਬਥਵਾਲਾ ਬਾਈਪਾਸ, ਗੁਰਦਾਸਪੁਰ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ।

ਇਸ ਖ਼ੂਨਦਾਨ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਖ਼ੂਨਦਾਨ ਕੈਂਪ ਵਿੱਚ ਦਾਨੀਆਂ ਵੱਲੋਂ 35 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਖ਼ੂਨਦਾਨ ਕਰਨ ਵਾਲੇ ਦਾਨੀਆਂ ਦੀ ਸ਼ਲਾਘਾ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੂਨ ਦਾਨ ਕਰਨਾ ਇੱਕ ਬਹੁਤ ਮਹਾਨ ਦਾਨ ਹੈ ਅਤੇ ਇਸ ਨਾਲ ਕਈ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਖੂਨ ਦਾਨ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਨੌਜਵਾਨਾਂ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਬਲੱਡ ਡੋਨਰ ਸੁਸਾਇਟੀਆਂ ਦੇ ਮੈਂਬਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਹੀ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਹੈ ਜੋ ਹਮੇਸ਼ਾਂ ਇਸ ਨੇਕ ਉਪਰਾਲੇ ਲਈ ਅੱਗੇ ਆਉਂਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਲੱਡ ਡੋਨਰ ਸੁਸਾਇਟੀਆਂ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਹੋਰ ਵੀ ਖੂਨਦਾਨ ਕੈਂਪ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੂਨ ਦਾਨ ਵਰਗੇ ਮਹਾਨ ਕਾਰਜ ਲਈ ਵੱਧ-ਚੜ ਕੇ ਅੱਗੇ ਆਉਣ। ਇਸ ਮੌਕੇ ਉਨ੍ਹਾਂ ਖ਼ੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਐੱਸ ਡੀ ਐੱਮ ਜਸਪਿੰਦਰ ਸਿੰਘ, ਸਹਾਇਕ ਕਮਿਸ਼ਨਰ ਰੁਪਿੰਦਰਪਾਲ ਸਿੰਘ, ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ, ਰਿੱਕੀ ਮਹੰਤ, ਫਾਊਂਡਰ ਰਾਜੇਸ਼ ਬੱਬੀ, ਸੀਨੀਅਰ ਵਾਈਸ ਪ੍ਰਧਾਨ ਮਨੂ ਸ਼ਰਮਾਂ, ਅਵਤਾਰ ਸਿੰਘ ਘੁੰਮਣ, ਦਵਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਰਾਣੂ, ਅਭੈ ਮਹਾਜਨ, ਰਾਘਵ ਸ਼ਰਮਾ, ਪਰਮਿੰਦਰ ਸਿੰਘ ਸੈਣੀ ਅਤੇ ਸੁਨੀਲ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਪ੍ਰਬੰਧਕ ਵੀ ਹਾਜ਼ਰ ਸਨ।

Leave a Reply

Your email address will not be published. Required fields are marked *