ਨਵੇਂ ਕੋਰਸ ਸ਼ੁਰੂ ਹੋਣ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਜ਼ਿਲ੍ਹੇ ਦਾ ਮੋਹਰੀ ਕਾਲਜ ਬਣਿਆ : ਰਮਨ ਬਹਿਲ
ਗੁਰਦਾਸਪੁਰ, 14 ਜੂਨ (Damanpreet singh) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17.41 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਸ ਸੈਂਟਰ ਵਿਚ ਆਧੁਨਿਕ ਸੁਵਿਧਾਵਾਂ ਨਾਲ ਲੈਸ ਇੱਕ ਸਕਿੱਲ ਲੈਬ ਤਿਆਰ ਕੀਤੀ ਜਾਵੇਗੀ ਜਿਸ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀਅਲ ਸਕਿਲ ਜਿਵੇਂ ਬਿਜ਼ਨਸ ਕਮਿਊਨੀਕੇਸ਼ਨ, ਸੋਫਟ ਸਕਿੱਲਜ਼, ਬੋਰਡ ਰੂਮ, ਇੰਟਰਵਿਊ ਸਕਿਲਜ਼, ਡਰੈੱਸ ਐਥੀਕੇਟਸ, ਡਇਨਿੰਗ ਐਥੀਕੇਟਸ ਆਦਿ ਸਿਖਾਏ ਜਾਣਗੇ ਅਤੇ ਮਾਹਿਰਾਂ ਵੱਲੋਂ ਨੌਜਵਾਨਾਂ ਨੂੰ ਜਾਬ ਐਨਵਾਇਰਮੈਂਟ ਦੇ ਹਿਸਾਬ ਨਾਲ ਨੌਕਰੀਆਂ ਲਈ ਤਿਆਰ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਇਹ ਸੁਵਿਧਾ ਸਥਾਪਿਤ ਕਰਨ ਲਈ ਸਰਕਾਰੀ ਕਾਲਜ ਗੁਰਦਾਸਪੁਰ ਦਾ ਨਿਵੇਕਲਾ ਕਾਲਜ ਬਣ ਗਿਆ ਹੈ ਜਿੱਥੇ ਵਿਦਿਆਰਥੀਆਂ ਦੀ ਸਕਿੱਲ਼ ਨੂੰ ਨਿਖਾਰਨ ਲਈ ਇਹ ਮੁਫ਼ਤ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕਿੱਲ ਲੈਬ ਸਥਾਪਿਤ ਹੋਣ ਨਾਲ ਕਾਲਜ ਵਿਚ ਸ਼ੁਰੂ ਕੀਤੇ ਜਾ ਰਹੇ ਨਵੇਂ ਕੋਰਸਾਂ ਨੂੰ ਵੀ ਬਲ ਮਿਲੇਗਾ। ਇਸ ਸਾਲ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਲੱਗਭਗ 3 ਗੁਣਾ ਵਧੀ ਹੈ ਅਤੇ ਨਵੇਂ ਕੋਰਸਾਂ ਦੇ ਆਉਣ ਨਾਲ ਅਤੇ ਤਜੁਰਬੇਕਾਰ ਅਧਿਆਪਕਾਂ ਦੀ ਨਿਯੁਕਤੀ ਹੋਣ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਜ਼ਿਲ੍ਹੇ ਦਾ ਮੋਢੀ ਕਾਲਜ ਬਣ ਗਿਆ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਇਸ ਸੈਂਟਰ ਦੇ ਬਣ ਜਾਣ ਨਾਲ ਜਿੱਥੇ ਵਿਦਿਆਰਥੀਆਂ ਦੀ ਗੁਣਵਤਾ ਵਿਚ ਵਾਧਾ ਹੋਵੇਗਾ ਉੱਥੇ ਅਧਿਆਪਕਾਂ ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਵੱਲੋਂ ਨਵੇਂ ਕੋਰਸਾਂ ਨੂੰ ਸ਼ੁਰੂ ਕਰਨ ਲਈ ਆਧੁਨਿਕ ਇੰਫਰਸਟਰਕਚਰ ਤਿਆਰ ਕਰ ਲਿਆ ਗਿਆ ਹੈ। ਕਾਲਜ ਵੱਲੋਂ ਇਸ ਵਰ੍ਹੇ ਖੇਡਾਂ ਦੇ ਖੇਤਰ ਵਿਚ ਵੀ ਸਾਰੀਆਂ ਟੀਮਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਵਿਸ਼ੇਸ਼ ਖੇਡ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਨਵੇਂ ਕੋਰਸ ਸ਼ੁਰੂ ਕਰਨ ਅਤੇ ਕਾਲਜ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਹੈ।