ਖੇਤੀ ਮਾਹਿਰਾਂ ਨੇ ਮੱਕੀ ਦੀ ਫ਼ਸਲ ਉੱਪਰ ਕੀੜਿਆਂ ਦੇ ਹਮਲੇ ਦੀ ਰੋਕਥਾਮ ਲਈ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ

ਗੁਰਦਾਸਪੁਰ ਪੰਜਾਬ

ਧਾਰੀਵਾਲ/ਗੁਰਦਾਸਪੁਰ, 06 ਜੁਲਾਈ (Damanpreet singh) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਹੇਠ ਲਿਆਉਣ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ 2000 ਹੈਕਟੇਅਰ ਰਕਬੇ ਵਿਚ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਵਾਈ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਵੱਲੋਂ ਬਲਾਕ ਧਾਰੀਵਾਲ ਦੇ ਪਿੰਡ ਛੋਟੇਪੁਰ, ਆਵਣ, ਦੁਲਾਨੰਗਲ ਅਤੇ ਸਹਾਰੀ ਦਾ ਦੌਰਾ ਕਰਕੇ ਮੱਕੀ ਦੀ ਫ਼ਸਲ ਦਾ ਮੁਆਇਨਾ ਕਰਕੇ ਫਸਲ ਉੱਪਰ ਕੀੜਿਆਂ ਦੇ ਹਮਲੇ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਭਵਿੱਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ 2000 ਹੈਕਟੇਅਰ ਰਕਬਾ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਮੱਕੀ ਦੀ ਫ਼ਸਲ ਉੱਪਰ ਫਾਲ ਆਰਮੀ ਵਰਮ ਨਾਮਕ ਕੀੜੇ ਦਾ ਹਮਲਾ ਦੇਖਿਆ ਗਿਆ ਹੈ, ਜਿਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਰੋਕਥਾਮ ਤਕਨੀਕਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਇਸ ਕੀੜੇ ਦੀ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਵਾਈ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਮਲੇ ਦੇ ਸ਼ੁਰੂਆਤੀ ਦੌਰ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਾਹ ਨੂੰ ਖੁਰਚ ਕੇ ਖਾਂਦੀਆਂ ਹਨ, ਜਿਸ ਕਾਰਨ ਪੱਤਿਆਂ ਉੱਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ ਅਤੇ ਵੱਡੀਆਂ ਸੁੰਡੀਆਂ ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾ ਦਿੰਦੀਆਂ ਹਨ ਅਤੇ ਹਮਲੇ ਵਾਲੀ ਗੋਭ ਵਿੱਚ ਕਾਫੀ ਮਾਤਰਾ ਵਿੱਚ ਕਾਲੀਆਂ ਵਿੱਠਾਂ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੀੜੇ ਦੇ ਹਮਲੇ ਤੋਂ ਮੱਕੀ ਦੀ ਫਸਲ ਨੂੰ ਬਚਾਉਣ ਲਈ ਮੱਕੀ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਇਸ ਕੀੜੇ ਦਾ ਹਮਲਾ ਮੱਕੀ ਦੀ ਫਸਲ ਉੱਪਰ ਦਿਖਾਈ ਦੇਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 40 ਮਿਲੀਟਿਲਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 50 ਮਿਲੀਲਿਟਰ ਸਪਾੲਨਿਟੋਰਮ 11.7 ਐਸ ਸੀ ਜਾਂ 40 ਗ੍ਰਾਮ ਐਮਾਮੈਕਟਿਨ ਬੈਂਜੋਏਟ ਪ੍ਰਤੀ ਲਿਟਰ 120 ਤੋਂ 200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਛਿੜਕਾਅ ਕਰਦੇ ਸਮੇਂ ਪੰਪ ਦੀ ਗੋਲ ਨੋਜ਼ਲ ਮੱਕੀ ਦੀ ਗੋਭ ਵੱਲ ਹੋਣੀ ਚਾਹੀਦੀ ਹੈ। ਜੇਕਰ ਇਸ ਕੀੜੇ ਦਾ ਹਮਲਾ ਧੋੜੀਆਂ ਵਿੱਚ ਜਾਂ ਫਸਲ ਵੱਡੀ ਹੋਵੇ ਤਾਂ 4 ਗ੍ਰਾਮ ਕਲੋਰੈਂਟਰਾਨਿਲੀਪਰੋਲ ਜਾਂ 5 ਮਿਲੀਲਿਟਰ ਸਪਾਈਨੋਟਰਮ ਜਾਂ 4 ਮਿਲੀਲਿਟਰ ਐਮਾਮੈਕਟਿਨ ਬੈਂਜੋਏਟ ਨੂੰ ਇਕ ਕਿਲੋ ਮਿੱਟੀ ਵਿੱਚ ਮਿਲਾ ਕੇ ਚੁਟਕੀ ਭਰ ਮਿਸ਼ਰਣ ਪ੍ਰਤੀ ਗੋਭ ਵਿੱਚ ਪਾ ਕੇ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਾ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਕਰਨਾ ਚਾਹੀਦਾ ਹੈ।

ਇਸ ਮੌਕੇ ਡਾ. ਰਾਜੀਵ ਖੋਖਰ, ਸਹਾਇਕ ਮੰਡੀਕਰਨ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ `ਤੇ ਕਰਨ ਨੂੰ ਯਕੀਨੀ ਬਣਾਏਗੀ। ਇਸ ਮੌਕੇ ਉਨ੍ਹਾਂ ਦੇ ਨਾਲ ਡਾ ਦਿਲਬਾਗ ਸਿੰਘ ਖੇਤੀਬਾੜੀ ਵਿਕਾਸ ਅਫਸਰ, ਅਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਬਿਕਰਮ ਸਿੰਘ ਖੇਤੀਬਾੜੀ ਉਪ ਨਿਰੀਖਕ, ਕਿਸਾਨ ਮਿੱਤਰ ਦਿਲਬਾਗ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *