ਰਮਨ ਬਹਿਲ ਅਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਪਿੰਡ ਹਯਾਤ ਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

ਗੁਰਦਾਸਪੁਰ ਪੰਜਾਬ

ਪਿੰਡ ਹਯਾਤ ਨਗਰ ਦੇ ਵਿਕਾਸ ਪ੍ਰੋਜੈਕਟਾਂ ਉੱਪਰ ਖ਼ਰਚ ਕੀਤੇ ਜਾਣਗੇ 2.81 ਕਰੋੜ ਰੁਪਏ

ਵਿਕਾਸ ਪੱਖੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਨੂੰ ਬਣਾਇਆ ਜਾਵੇਗਾ ਮੋਹਰੀ – ਰਮਨ ਬਹਿਲ

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੂੰ ਘਾਟੇ `ਚੋਂ ਕੱਢ ਕੇ ਮੁਨਾਫ਼ੇ ਵਿੱਚ ਲਿਆਂਦਾ – ਚੇਅਰਮੈਨ ਰਜੀਵ ਸ਼ਰਮਾ

ਗੁਰਦਾਸਪੁਰ, 22 ਸਤੰਬਰ

ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿਕਾਸ ਪ੍ਰੋਜੈਕਟਾਂ ਉੱਪਰ 2.81 ਕਰੋੜ ਰੁਪਏ ਖ਼ਰਚੇ ਜਾਣਗੇ।

ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਸ੍ਰੀ ਰਮਨ ਬਹਿਲ ਨੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਹਯਾਤ ਨਗਰ ਵਿਖੇ 2.81 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ, ਜਿਨ੍ਹਾਂ ਵਿੱਚ 1.34 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ। 17.03 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਪਾਰਕ ਬਣਾਈ ਜਾਵੇਗੀ। ਪਿੰਡ ਦੇ ਛੱਪੜ ਦੀ ਰੀਟੇਨਿੰਗ ਵਾਲ, ਛੱਪੜ ਦੇ ਆਲੇ-ਦੁਆਲੇ ਇੰਟਰਲਾਕ ਟਾਈਲਾਂ ਅਤੇ ਲਾਈਟਾਂ ਲਗਾਉਣ ਉੱਪਰ 50 ਲੱਖ ਰੁਪਏ, ਪਿੰਡ ਦੀ ਡਿਸਪੈਂਸਰੀ ਵਿੱਚ ਇੱਕ ਨਵਾਂ ਕਮਰਾ ਬਣਾਉਣ ਲਈ 5 ਲੱਖ ਰੁਪਏ, ਪਿੰਡ ਦੀ ਫਿਰਨੀ ਬਣਾਉਣ ਉੱਪਰ 20 ਲੱਖ ਰੁਪਏ, ਪਿੰਡ ਦੀ ਗਰਾਊਂਡ ਅਤੇ ਜ਼ਿੰਮ ਉੱਪਰ 50 ਲੱਖ ਰੁਪਏ ਅਤੇ ਪਿੰਡ ਵਿੱਚ ਸੀਂਮਟਿਡ ਬੈਂਚ ਲਗਾਉਣ ਲਈ 5 ਲੱਖ ਰੁਪਏ ਖ਼ਰਚੇ ਜਾਣਗੇ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਰਾਸ਼ੀ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਖ਼ਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਸ਼ਹਿਰ ਦੇ ਵਿਕਾਸ ਦੇ ਨਾਲ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡਾਂ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਿੰਡ ਗੋਹਤ ਪੋਖਰ ਤੇ ਹਯਾਤ ਨਗਰ ਵਿਖੇ 5.42 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ, ਜਦਕਿ ਟਰੱਸਟ ਵੱਲੋਂ 48.74 ਲੱਖ ਰੁਪਏ ਗੀਤਾ ਭਵਨ ਮੰਦਰ ਅਤੇ ਹਿੰਦੂ ਯੁਵਕ ਸਭਾ ਰਾਮ ਲੀਲ੍ਹਾ ਨਾਟਕ ਕਲੱਬ ਦੇ ਵਿਕਾਸ ਉੱਪਰ ਖ਼ਰਚ ਕੀਤੇ ਜਾਣਗੇ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਿਹੜੀ ਨਗਰ ਸੁਧਾਰ ਟਰੱਸਟ ਪਿੱਛਲੀਆਂ ਸਰਕਾਰਾਂ ਵੇਲੇ ਕਰਜ਼ੇ ਹੇਠ ਦੱਬੀ ਹੁੰਦੀ ਸੀ ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਜ਼ੇ ਹੋਠੋਂ ਕੱਢ ਕੇ ਮੁਨਾਫੇ ਵਿੱਚ ਲੈ ਆਂਦਾ ਹੈ ਅਤੇ ਅੱਜ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਜਿੱਥੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਨਗਰ ਸੁਧਾਰ ਟਰੱਸਟ ਬਟਾਲਾ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਦੇਣ ਤੋਂ ਇਲਾਵਾ ਹੁਣ ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਵਿਕਾਸ ਕਾਰਜਾਂ ਉੱਪਰ 5.90 ਕਰੋੜ ਰੁਪਏ ਖਰਚੇ ਜਾ ਰਹੇ ਹਨ।

ਇਸ ਮੌਕੇ ਟਰੱਸਟ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਉਸਨੇ 10 ਅਪ੍ਰੈਲ 2023 ਨੂੰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਵੱਲੋਂ ਟਰੱਸਟ ਰਾਹੀਂ ਜਿੱਥੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਟਰੱਸਟ ਨੂੰ ਮੁਨਾਫ਼ੇ ਵਿੱਚ ਵੀ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਜਿੱਥੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਨਗਰ ਸੁਧਾਰ ਟਰੱਸਟ ਬਟਾਲਾ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਦੇਣ ਤੋਂ ਇਲਾਵਾ ਹੁਣ ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਵਿਕਾਸ ਕਾਰਜਾਂ ਉੱਪਰ 5.90 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਰੋੜੇ ਨਾ ਅਟਕਾਵੇ ਤਾਂ ਨਗਰ ਸੁਧਾਰ ਟਰੱਸਟ ਵੱਲੋਂ 50 ਕਰੋੜ ਰੁਪਏ ਗੁਰਦਾਸਪੁਰ ਸ਼ਹਿਰ ਦੀਆਂ ਉਨ੍ਹਾਂ ਕਲੋਨੀਆਂ ਵਿੱਚ ਵੀ ਖਰਚੇ ਜਾਣਗੇ ਜੋ ਨਗਰ ਕੌਂਸਲ ਦੇ ਅਧੀਨ ਹਨ।

ਓਧਰ ਪਿੰਡ ਹਯਾਤ ਨਗਰ ਦੇ ਵਸਨੀਕਾਂ ਨੇ ਆਪਣੇ ਪਿੰਡ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਅਤੇ ਸ੍ਰੀ ਰਮਨ ਬਹਿਲ ਤੇ ਚੇਅਰਮੈਨ ਸ੍ਰੀ ਰਜੀਵ ਸ਼ਰਮਾ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਸ. ਰਘੁਬੀਰ ਸਿੰਘ ਖਾਲਸਾ, ਹਿਤੇਸ਼ ਮਹਾਜਨ, ਪੀਟਰ ਮੱਟੂ, ਰਣਜੀਤ ਸਿੰਘ ਨੰਬਰਦਾਰ, ਸਰਪੰਚ ਹਯਾਤ ਨਗਰ ਓਂਕਾਰ ਸਿੰਘ ਨਾਗੀ, ਅਜੇ ਬਹਿਲ, ਅਮਨ ਬਹਿਲ, ਨੀਰਜ ਸਲਹੋਤਰਾ, ਸੁੱਚਾ ਸਿੰਘ ਮੁਲਤਾਨੀ, ਕਬੀਰ ਬਹਿਲ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਤੇ ਮੁਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *