
ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿੱਚ ਬੰਦ ਪਈਆਂ 8 ਦੁਕਾਨਾਂ ਨੂੰ ਖੁਲ੍ਹਵਾ ਕੇ ਚਾਬੀਆਂ ਦੁਕਾਨਦਾਰਾਂ ਨੂੰ ਸੌਂਪੀਆਂ
ਆਮ ਆਦਮੀ ਪਾਰਟੀ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਰਾਜਨੀਤੀ ਰੋਜ਼ਗਾਰ ਦੇਣ – ਰਮਨ ਬਹਿਲ
ਗੁਰਦਾਸਪੁਰ, 01 ਅਕਤੂਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਨੇ ਗੁਰਦਾਸਪੁਰ ਦੇ ਦੁਕਾਨਦਾਰਾਂ ਨੂੰ ਦਸਹਿਰੇ ਮੌਕੇ ਯਾਦਗਾਰੀ ਤੋਹਫ਼ਾ ਦਿੱਤਾ ਹੈ। ਸ੍ਰੀ ਰਮਨ ਬਹਿਲ ਨੇ ਨਿੱਜੀ ਕੋਸ਼ਿਸ਼ਾਂ ਕਰਕੇ ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿੱਚ ਬੰਦ ਪਈਆਂ 8 ਦੁਕਾਨਾਂ ਨੂੰ ਖੁਲ੍ਹਵਾ ਕੇ ਚਾਬੀਆਂ ਦੁਕਾਨਦਾਰਾਂ ਨੂੰ ਸੌਂਪੀਆਂ ਹਨ।
ਦੁਕਾਨਦਾਰਾਂ ਨੂੰ ਚਾਬੀਆਂ ਦੇਣ ਮੌਕੇ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕਿਰਾਏਦਾਰਾਂ ਦੀਆਂ ਕੁਝ ਕਾਨੂੰਨੀ ਨੁਕਤੇ ਕਾਰਨ ਇਹ 8 ਦੁਕਾਨਾਂ ਪਿਛਲੇ 9 ਮਹੀਨਿਆਂ ਤੋਂ ਬੰਦ ਪਈਆਂ ਸਨ ਅਤੇ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਇਨ੍ਹਾਂ ਦੁਕਾਨਾਂ ਦਾ ਕਬਜ਼ਾ ਦੁਕਾਨਦਾਰਾਂ ਕੋਲੋਂ ਲੈ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਉੱਪਰ ਵੱਡਾ ਸੰਕਟ ਬਣ ਗਿਆ ਸੀ ਅਤੇ ਇਹ ਸਾਰੇ ਦੁਕਾਨਦਾਰ ਆਪਣੀ ਮੁਸ਼ਕਲ ਲੈ ਕੇ ਉਨ੍ਹਾਂ ਨੂੰ ਮਿਲੇ ਸਨ। ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਦੁਕਾਨਦਾਰਾਂ ਦੇ ਪੱਖ ਦੀ ਲੜਾਈ ਲੜਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਤੱਕ ਪਹੁੰਚ ਕੀਤੀ ਅਤੇ ਇਨ੍ਹਾਂ ਦੁਕਾਨਦਾਰਾਂ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕੀਤਾ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਅੱਜ 8 ਦੁਕਾਨਦਾਰਾਂ ਨੂੰ ਦੁਕਾਨਾਂ ਦੇ ਕਬਜ਼ੇ ਵਾਪਸ ਦੇ ਦਿੱਤੇ ਗਏ ਹਨ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਰਾਜਨੀਤੀ ਹਮੇਸ਼ਾਂ ਰੁਜ਼ਗਾਰ ਦੇਣ ਦੀ ਰਹੀ ਹੈ ਜਦਕਿ ਵਿਰੋਧੀ ਪਾਰਟੀਆਂ ਦੇ ਆਗੂ ਲੋਕਾਂ ਦਾ ਰੁਜ਼ਗਾਰ ਖੋਹ ਕੇ ਖ਼ੁਸ਼ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਮੌਕੇ ਦੁਕਾਨਦਾਰਾਂ ਨੂੰ ਵਾਪਸ ਉਨ੍ਹਾਂ ਦੀ ਦੁਕਾਨਾਂ ਮਿਲੀਆਂ ਹਨ ਅਤੇ ਉਹ ਆਪਣੀ ਰੋਜ਼ੀ-ਰੋਟੀ ਕਮਾ ਕੇ ਆਪਣੇ ਪਰਿਵਾਰ ਨੂੰ ਪਾਲ ਸਕਣਗੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦੇ ਜੋ ਤਕਨੀਕੀ ਤੇ ਕਾਨੂੰਨੀ ਨੁਕਤੇ ਰਹਿ ਗਏ ਹਨ ਉਨ੍ਹਾਂ ਦਾ ਵੀ ਮਿਲ ਬੈਠ ਕੇ ਹੱਲ ਕੱਢ ਲਿਆ ਜਾਵੇਗਾ।
ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਇਨ੍ਹਾਂ ਲੋੜਵੰਦ ਪਰਿਵਾਰਾਂ ਦੇ ਘਰਾਂ ਵਿੱਚ ਫਿਰ ਚੁੱਲ੍ਹੇ ਬਲ਼ੇ ਹਨ ਜਿਸ ਲਈ ਇਹ ਸਾਰੇ ਦੁਕਾਨਦਾਰ ਬੇਹੱਦ ਖ਼ੁਸ਼ ਹਨ। ਇਸ ਮੌਕੇ ਦੁਕਾਨਦਾਰਾਂ ਨੇ ਵੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਸ੍ਰੀ ਰਮਨ ਬਹਿਲ ਦਾ ਧੰਨਵਾਦ ਕੀਤਾ।