2.36 ਕਰੋੜ ਰੁਪਏ ਦੀ ਲਾਗਤ ਵਾਲੀਆਂ 11.75 ਕਿਲੋਮੀਟਰ ਲੰਮੀਆਂ ਸੜਕਾਂ ਦਾ ਕੰਮ ਸ਼ੁਰੂ
ਦੀਨਾਨਗਰ,18 ਅਕਤੂਬਰ (ਦਮਨ) ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੀਨਾਨਗਰ ਵਿਧਾਨਸਭਾ ਹਲਕੇ ਅੰਦਰ ਤੇਜੀ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਹੇਠ ਅੱਜ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਵਿਧਾਨਸਭਾ ਹਲਕੇ ਅੰਦਰ ਵੱਖ ਵੱਖ ਥਾਵਾਂ ਤੇ 5 ਹੋਰ ਲਿੰਕ ਸੜਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਗਏ।
ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਵਿਧਾਨਸਭਾ ਹਲਕਾ ਦੀਨਾਨਗਰ ਹਲਕੇ ਦੀਆਂ ਜਿਰੜੀਆਂ 5 ਸੜਕਾਂ ਨੂੰ ਨਵਿਆਉਣ ਦੇ ਨੀਂਹ ਪੱਥਰ ਰੱਖੇ ਗਏ ਹਨ, ਉਹਨਾਂ ਵਿੱਚ ਦੋਰਾਂਗਲਾ ਸ਼ਾਹਪੁਰ ਰੋਡ ਤੋਂ ਪ੍ਰਾਇਮਰੀ ਹੈਲਥ ਸੈਂਟਰ ਤੱਕ ਦੀ 2.10 ਕਿਲੋਮੀਟਰ ਲੰਮੀ ਸੜਕ, ਗੁਰਦਾਸਪੁਰ ਹਰਦੋਛੰਨੀ, ਹਰਦਾਨ ਦੋਰਾਂਗਲਾ ਰੋਡ ਤੋਂ ਡਾ. ਦਲਜੀਤ ਸਿੰਘ ਤੱਕ 5.85 ਕਿਲੋਮੀਟਰ ਲੰਮੀ ਸੜਕ, ਐਮਾ ਤੋਂ ਗੈਸ ਏਜੰਸੀ ਤੱਕ 2.04 ਕਿਲੋਮੀਟਰ ਲੰਮੀ ਸੜਕ, ਭਰਥ ਤੋਂ ਬਾਲਾ ਪਿੰਡੀ ਤੱਕ 1.24 ਕਿਲੋਮੀਟਰ ਲੰਮੀ ਸੜਕ ਅਤੇ ਬਾਹਮਣੀ ਮਰਾੜਾ ਤੋਂ ਮਾਤਾ ਦੇ ਮੰਦਰ ਤੱਕ 520 ਮੀਟਰ ਦੀ ਲੰਬਾਈ ਵਾਲੀਆਂ ਸੜਕਾਂ ਸ਼ਾਮਲ ਹਨ, ਜਿਨ੍ਹਾਂ ਉੱਤੇ ਸੂਬਾ ਸਰਕਾਰ ਵੱਲੋਂ ਕਰੀਬ 2.36 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦੀਨਾਨਗਰ ਵਿਧਾਨਸਭਾ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਉਹ ਇਸ ਕੰਮ ਲਈ ਦਿਨ ਰਾਤ ਲੱਗੇ ਹੋਏ ਹਨ।
ਉਹਨਾਂ ਨੇ ਕਿਹਾ ਕਿ ਵਿਧਾਨਸਭਾ ਹਲਕੇ ਅੰਦਰ ਸਾਫ ਸੁਧਰੀਆਂ ਲਿੰਕ ਸੜਕਾਂ ਦਾ ਜਾਲ ਵਿਛਾਉਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ, ਜੋ ਆਉਂਦੇ ਕੁਝ ਦਿਨਾਂ ਅੰਦਰ ਮੁਕੰਮਲ ਹੋ ਕੇ ਹਲਕੇ ਦੇ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨਗੀਆਂ।
ਇਸ ਮੌਕੇ ਬਲਾਕ ਪ੍ਰਧਾਨ ਰਣਜੀਤ ਸਿੰਘ ਜੀਵਨਚੱਕ, ਸਰਪੰਚ ਕਰਮਜੀਤ ਸਿੰਘ ਦੋਰਾਂਗਲਾ, ਬਲਾਕ ਪ੍ਰਧਾਨ ਅਰਜੁਨ ਸਿੰਘ ਝਬਕਰਾ, ਪ੍ਰਿੰਸੀਪਲ ਸੰਸਾਰ ਸਿੰਘ, ਜੋਧ ਰਾਜ ਮਰਾੜਾ, ਸਰਪੰਚ ਜਗਜੀਵਨ ਸੈਣੀ ਦਬੁਰਜੀ, ਸੰਜੀਵ ਭਰਥ ਤੇ ਮੁਕੇਸ਼ ਕੁਮਾਰ ਭਰਥ ਦੇ ਇਲਾਵਾ ਹੋਰ ਮੋਹਤਬਰ ਲੋਕ ਵੀ ਮੌਜੂਦ ਸਨ।
ਕੈਪਸ਼ਨ-ਦੋਰਾਂਗਲਾ ਬਲਾਕ ਦੀਆਂ ਦੋ ਸੜਕਾਂ ਨੂੰ ਨਵਿਆਉਣ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ।