ਬੀ.ਐੱਸ.ਐੱਫ. ਦੇ ਡੀ.ਆਈ.ਜੀ. , ਡੀਸੀ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਨੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਦਾ ਦੌਰਾ ਕਰ ਲੋਕਾਂ ਨਾਲ ਕੀਤੀ ਵਿਸ਼ੇਸ ਮੀਟਿੰਗ | ਪਾਕਿਸਤਾਨ ਪਾਰ ਤੋਂ ਆਉਣ ਵਾਲੇ ਨਸ਼ੇ ਦੀ ਤਸਕਰੀ ਚ ਸ਼ਾਮਿਲ ਭਾਰਤ ਦੇ ਤਸਕਰਾਂ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਦਾ ਮਿਲੇਗਾ ਇਨਾਮ — ਪ੍ਰਸ਼ਾਸ਼ਨ ਵਲੋਂ ਜਾਰੀ ਹੋਵੇਗਾ ਹੈਲਪ ਲਾਈਨ ਨੰਬਰ |

ਗੁਰਦਾਸਪੁਰ ਪੰਜਾਬ ਮਾਝਾ

Rohit Gupta
Gurdaspur

ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਖੇਤਰ ਚ ਬੀ.ਐੱਸ.ਐੱਫ. ਗੁਰਦਾਸਪੁਰ ਸੈਕਟਰ ਡੀ.ਆਈ.ਜੀ ਦੇ ਨਾਲ ਵਿਸ਼ੇਸ ਤੌਰ ਤੇ ਐੱਸ.ਐੱਸ.ਪੀ. ਗੁਰਦਾਸਪੁਰ ਅਤੇ ਡੀਸੀ ਗੁਰਦਾਸਪੁਰ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਸਰਹੱਦੀ ਪਿੰਡਾਂ ਦੇ ਪਿੰਡ ਵਾਸੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਅਤੇ ਉਹਨਾਂ ਦੀਆ ਮੁਸ਼ਕਿਲਾਂ ਜਿਥੇ ਜਲਦ ਨਿਪਟਾਰਾ ਕਰਨ ਦੀ ਗੱਲ ਕੀਤੀ ਉਥੇ ਹੀ ਉਹਨਾਂ ਨੂੰ ਅਪੀਲ ਕੀਤੀ ਕਿ ਉਸ ਪਾਰ ਪਾਕਿਸਤਾਨ ਤੋਂ ਆ ਰਹੀ ਨਸ਼ੇ ਦੀ ਖੇਪ ਅਤੇ ਡਰੋਨ ਗਤੀਵਿਧੀ ਬਾਰੇ ਉਹ ਸੂਚਨਾ ਦੇਣ ਤਾ ਜੋ ਨਸ਼ੇ ਤਸਕਰੀ ਤੇ ਨਕੇਲ ਕੱਸੀ ਜਾ ਸਕੇ ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ
ਬੀ.ਐੱਸ.ਐੱਫ. ਅਤੇ ਪੁਲਿਸ ਅਧਿਕਾਰੀਆਂ ਨਾਲ ਵੱਖ ਵੱਖ ਸਰਹੱਦੀ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਅਗਾਹ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧੁੰਦ ਦਾ ਮੌਸਮ ਹੋਣ ਕਾਰਨ ਗੁਆਂਢੀ ਮੁਲਕ ਵੱਲੋਂ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਨਾਕਾਮ ਕਰਨ ਲਈ ਸੁਰੱਖਿਆ ਬਲਾਂ ਦੇ ਨਾਲ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਵੀ ਪੂਰੀ ਚੌਕਸੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਡਰੋਨ ਦੀਆਂ ਗਤੀਵਿਧੀਆਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਜਦੋਂ ਵੀ ਉਨ੍ਹਾਂ ਨੂੰ ਸਰਹੱਦ ਨੇੜੇ ਕੋਈ ਸ਼ੱਕੀ ਗਤੀਵਿਧੀ ਦਿਖਾਈ ਦੇਵੇ ਤਾਂ ਉਹ ਤੁਰੰਤ ਇਸਦੀ ਜਾਣਕਾਰੀ ਬੀ.ਐੱਸ.ਐੱਫ ਤੇ ਪੁਲਿਸ ਨੂੰ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਜਲਦ ਹੀ ਇਸ ਸਬੰਧੀ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ ਜਿਸ ਉੱਪਰ ਸਰਹੱਦੀ ਇਲਾਕੇ ਦੇ ਵਸਨੀਕ ਸੂਚਨਾ ਦੇ ਸਕਣਗੇ।ਉਥੇ ਹੀ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਕਿਸਾਨਾਂ ਨੂੰ ਕੰਢਿਆਲੀ ਤਾਰ ਤੋਂ ਪਾਰ ਜ਼ਮੀਨ ਦਾ ਰਹਿੰਦਾ ਮੁਆਵਜਾ ਦੇ ਦਿੱਤਾ ਜਾਵੇਗਾ।
ਡਾ.ਹਿਮਾਂਸ਼ੂ ਅਗਰਵਾਲ (ਡਿਪਟੀ ਕਮਿਸ਼ਨਰ(ਗੁਰਦਾਸਪੁਰ )

ਉਥੇ ਹੀ ਬੀ.ਐੱਸ.ਐੱਫ. ਦੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਨੇ ਵੀ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਹੱਦ ਪਾਰੋਂ ਦੁਸ਼ਮਣ ਦੇਸ਼ ਵੱਲੋਂ ਕੀਤੀਆਂ ਜਾਂਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਬੀ.ਐੱਸ.ਐੱਫ. ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਹੀ ਸੂਚਨਾ ਦੇਣ ਵਾਲੇ ਨੂੰ ਬੀ.ਐੱਸ.ਐੱਫ. ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਅਤੇ ਉਹਨਾਂ ਅਪੀਲ ਕੀਤੀ ਕਿ ਸਰਹੱਦੀ ਇਲਾਕੇ ਦੇ ਲੋਕ ਡਰੋਨ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਨਾਲ ਇਲਾਕੇ ਵਿੱਚ ਘੁੰਮ ਰਹੇ ਵਿਅਕਤੀਆਂ ’ਤੇ ਵੀ ਨਜ਼ਰ ਰੱਖਣ ਅਤੇ ਇਸਦੀ ਸੂਚਨਾ ਬੀ.ਐੱਸ.ਐੱਫ ਦੇ ਨਾਲ ਪੁਲਿਸ ਨੂੰ ਵੀ ਦੇਣ।

ਪ੍ਰਭਾਕਰ ਜੋਸ਼ੀ. (ਡੀ.ਆਈ.ਜੀ. ਬੀਐਸਐਫ )

Leave a Reply

Your email address will not be published. Required fields are marked *